ਡਾਇਰੀ ਵਿਚ 'ਸੌਰੀ ਪਾਪਾ-ਸੌਰੀ ਮੰਮੀ' ਲਿਖ ਕੇ ਫੌਜੀ ਨੇ ਮਾਰੀ ਖ਼ੁਦ ਨੂੰ ਗੋਲੀ
ਸਥਾਨਕ ਫੌਜੀ ਛਾਉਣੀ ਵਿਚ ਸੰਤਰੀ ਦੀ ਡਿਊਟੀ ਤੇ ਖੜ੍ਹੇ ਇਕ ਸਿਪਾਹੀ ਵਲੋਂ ਭੇਦਭਰੇ ਹਾਲਾਤਾਂ ਵਿਚ ਅਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕਸ਼ੀ ਕਰਨ ਦਾ...
ਬਠਿੰਡਾ (ਦੀਪਕ ਸ਼ਰਮਾ):-ਸਥਾਨਕ ਫੌਜੀ ਛਾਉਣੀ ਵਿਚ ਸੰਤਰੀ ਦੀ ਡਿਊਟੀ ਤੇ ਖੜ੍ਹੇ ਇਕ ਸਿਪਾਹੀ ਵਲੋਂ ਭੇਦਭਰੇ ਹਾਲਾਤਾਂ ਵਿਚ ਅਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਸਰਕਾਰੀ ਹਸਪਤਾਲ ਵਿਚ ਥਾਣਾ ਕੈਂਟ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ 'ਤੇ ਧਾਰਾ 174 ਦੀ ਕਾਰਵਾਈ ਕਰਨ ਤੋਂ ਬਾਅਦ ਮ੍ਰਿਤਕ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੋਂਪ ਦਿਤੀ ਹੈ। ਜ਼ਿਕਰਯੋਗ ਹੈ ਕਿ ਉਕਤ ਸਿਪਾਹੀ ਨੇ ਖੁਦਕਸ਼ੀ ਕਰਨ ਤੋ ਪਹਿਲਾਂ ਅਪਣੀ ਡਾਇਰੀ ਤੇ ਸੌਰੀ ਪਾਪਾ ਸੌਰੀ ਮੰਮੀ ਲਿਖਿਆ ਸੀ ਅਤੇ ਉਸ ਵਿਚ ਅਪਣੀ ਮੌਤ ਦਾ ਕਿਸੇ ਨੂੰ ਜਿੰਮੇਵਾਰ ਨਹੀਂ ਠਹਿਰਾਇਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਸਿਪਾਹੀ ਨੇ ਅਪਣੀ ਡਾਇਰੀ ਤੇ ਇਕ ਲੜਕੀ ਦਾ ਨਾਮ ਵੀ ਲਿਖਿਆ ਹੋਇਆ ਸੀ। ਜਦੋਂਕਿ ਪੁਲਿਸ ਅਨੁਸਾਰ ਉਕਤ ਸਿਪਾਹੀ ਦੇ ਪਰਿਵਾਰਕ ਮੈਂਬਰਾਂ ਨੇ ਇਸ ਖ਼ੁਦਕਸ਼ੀ ਸਬੰਧੀ ਕਿਸੇ ਨੂੰ ਵੀ ਜਿੰਮੇਵਾਰ ਨਹੀਂ ਠਹਿਰਾਇਆ ਅਤੇ ਨਾ ਹੀ ਕੋਈ ਉਸ ਦੀ ਮੌਤ ਦੇ ਕਾਰਨਾਂ ਬਾਰੇ ਸ਼ੰਕਾ ਜਾਹਿਰ ਕੀਤੀ ਹੈ। ਜਾਂਚ ਅਧਿਕਾਰੀ ਏ.ਐਸ.ਆਈ ਬਲਜੀਤ ਸਿੰਘ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦਿਆ ਦਸਿਆ ਕਿ ਕੱਲ੍ਹ ਸ਼ਾਮੀ ਸਿਪਾਹੀ ਅਮਿਤ ਕੁਮਾਰ ਗੁਪਤਾ ਪੁੱਤਰ ਕਨਵਰ ਲਾਲ ਵਾਸੀ ਰਾਜੀਵ ਨਗਰ ਬਰੇਲੀ (ਯੂ.ਪੀ) ਸੰਤਰੀ ਦੀ ਡਿਊਟੀ ਤੇ ਖੜ੍ਹਾ ਸੀ ਤਾਂ ਉਸ ਸਮੇਂ ਉਸ ਨੇ ਅਪਣੀ ਛਾਤੀ ਵਿਚ ਅਚਾਨਕ ਗੋਲੀ ਮਾਰ ਲਈ।
ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਂਚ ਅਧਿਕਾਰੀ ਨੇ ਦਸਿਆ ਕਿ ਉਕਤ ਸਿਪਾਹੀ ਦਾ ਵਿਆਹ ਨਹੀਂ ਹੋਇਆ ਸੀ ਅਤੇ ਉਸ ਦੇ ਤਿੰਨ ਭਰਾ ਹੋਰ ਹਨ ਜਿਨ੍ਹਾਂ ਵਿਚੋਂ ਦੋ ਫ਼ੌਜ ਵਿਚ ਨੌਕਰੀ ਕਰਦੇ ਹਨ। ਉਨ੍ਹਾਂ ਦਸਿਆ ਕਿ ਮ੍ਰਿਤਕ ਦੇ ਪਰਿਵਾਰ ਵਲੋਂ ਇਸ ਸਬੰਧੀ ਕਿਸੇ ਤੇ ਕੋਈ ਸ਼ੱਕ ਨਾ ਹੋਣ ਦੀ ਗੱਲ ਆਖੀ ਹੈ ਅਤੇ ਨਾ ਹੀ ਉਸ ਦੀ ਮੌਤ ਦਾ ਹੋਰ ਕੋਈ ਹਾਲੇ ਤਕ ਕਾਰਨ ਸਾਹਮਣੇ ਆਇਆ ਹੈ।