ਕੋਰੋਨਾ ਵਾਇਰਸ : ਭਗਵੰਤ ਮਾਨ ਨੇ ਵੀ ਕੀਤੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ 

ਏਜੰਸੀ

ਖ਼ਬਰਾਂ, ਪੰਜਾਬ

ਕੋਰੋਨਾ ਵਾਇਰਸ ਨੇ ਜਿਥੇ ਪੂਰੀ ਦੁਨੀਆ 'ਚ ਦਹਿਸ਼ਤ ਫੈਲਾਈ ਹੋਈ ਹੈ। ਇਸ ਖਤਰਨਾਕ ਵਾਇਰਸ ਕਾਰਨ ਹੁਣ ਤੱਕ 16000 ਹਜ਼ਾਰ ਤੋਂ ਵਧ ਜ਼ਿੰਦਗੀਆਂ ਖਤਮ ਹੋ ਚੁੱਕੀਆਂ ਹਨ

File Photo

ਚੰਡੀਗੜ੍ਹ - ਕੋਰੋਨਾ ਵਾਇਰਸ ਨੇ ਜਿਥੇ ਪੂਰੀ ਦੁਨੀਆ 'ਚ ਦਹਿਸ਼ਤ ਫੈਲਾਈ ਹੋਈ ਹੈ। ਇਸ ਖਤਰਨਾਕ ਵਾਇਰਸ ਕਾਰਨ ਹੁਣ ਤੱਕ 16000 ਹਜ਼ਾਰ ਤੋਂ ਵਧ ਜ਼ਿੰਦਗੀਆਂ ਖਤਮ ਹੋ ਚੁੱਕੀਆਂ ਹਨ ਅਤੇ ਲੱਖਾਂ ਜ਼ਿੰਦਗੀਆਂ ਇਸ ਵਾਇਰਸ ਨਾਲ ਲੜ ਰਹੀਆਂ ਹਨ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਸਾਂਸਦ ਤੇ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਬੀਮਾਰੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ।

ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕਰਦਿਆਂ ਕਿਹਾ ਕਿ ਥੋੜ੍ਹੇ ਦਿਨਾਂ ਲਈ ਘਰਾਂ 'ਚ ਹੀ ਰਹੋ ਤੇ ਇਸ ਬੀਮਾਰੀ ਤੋਂ ਡਰੋ। ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਜ਼ਰੂਰੀ ਚੀਜ਼ਾਂ ਦੀ ਲੋੜ ਹੈ ਤਾਂ ਪਰਿਵਾਰ 'ਚੋਂ ਸਿਰਫ ਇਕ ਬੰਦਾ ਹੀ ਬਾਹਰ ਜਾਵੇ ਅਤੇ ਵਾਪਸੀ ਸਮੇਂ ਚੰਗੀ ਤਰ੍ਹਾਂ ਹੱਥ-ਪੈਰ ਧੋਵੇ ਤੇ ਪੂਰੀਆਂ ਸਾਵਧਾਨੀਆਂ ਵਰਤੇ।

ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੂੰ ਥੋੜੇ ਦਿਨ ਕੰਮ ਛੱਡ ਕੇ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ। ਹੁਣ ਤੱਕ ਕੁੱਲ 26 ਪਾਜ਼ੀਟਿਵ ਕੇਸ ਪੂਰੇ ਪੰਜਾਬ 'ਚੋਂ ਸਾਹਮਣੇ ਆ ਚੁੱਕੇ ਹਨ ਅਤੇ ਕੋਰੋਨਾ ਵਾਇਰਸ ਦੇ ਕਾਰਨ ਨਵਾਂ ਸ਼ਹਿਰ 'ਚ ਇਕ ਬਜ਼ੁਰਗ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ।

ਪਾਜ਼ੀਟਿਵ ਕੇਸਾਂ 'ਚ ਨਵਾਂ ਸ਼ਹਿਰ 'ਚੋਂ ਹੀ ਕੁੱਲ 18 ਕੇਸ ਪਾਜ਼ੀਟਿਵ ਪਾਏ ਗਏ ਹਨ ਅਤੇ ਇਹ ਸਾਰੇ ਕੋਰੋਨਾ ਨਾਲ ਮਰੇ ਬਜ਼ੁਰਗ ਵਿਅਕਤੀ ਦੇ ਸੰਪਰਕ 'ਚ ਆਏ ਸਨ। ਦੱਸ ਦਈਏ ਕਿ ਪੰਜਾਬ ਅਤੇ ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਿਛਲੇ 24 ਘੰਟੇ ਵਿਚ ਪੰਜ ਲੋਕਾਂ ਦੀ ਕੋਵਿਡ-19 ਨਾਲ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ ਹੈ। ਮੰਗਲਵਾਰ ਨੂੰ ਜਲੰਧਰ ਦੇ ਗੋਰਾਇਆ ਖੇਤਰ ਵਿਚ ਤਿੰਨ ਲੋਕਾਂ ਦੇ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੀਟਿਵ ਆਈ ਹੈ। 

ਇਸ ਦੇ ਨਾਲ ਹੀ ਪੰਜਾਬ ਅਤੇ ਚੰਡੀਗੜ੍ਹ ਵਿਚ ਕੋਵਿਡ-19 ਪਾਜ਼ੀਟਿਵ ਮਰੀਜਾਂ ਦੀ ਗਿਣਤੀ 33 ਤੋਂ ਪਾਰ ਪਹੁੰਚ ਗਈ ਹੈ। ਪੰਜਾਬ ਵਿਚ ਹੁਣ ਤੱਕ 29 ਅਤੇ ਚੰਡੀਗੜ੍ਹ ਵਿਚ 7 ਕੋਰੋਨਾ ਵਾਇਰਸ ਪਾਜ਼ੀਟਿਵ ਮਰੀਜਾਂ ਦੀ ਪੁਸ਼ਟੀ ਹੋਈ ਹੈ। ਪੰਜਾਬ ਵਿਚ ਹੁਣ ਤੱਕ 251 ਸ਼ੱਕੀ ਮਰੀਜ ਸਾਹਮਣੇ ਆਏ ਹਨ। ਇਹਨਾਂ ਵਿਚੋਂ 183 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 45 ਦੀ ਰਿਪੋਰਟ ਦਾ ਇੰਤਜ਼ਾਰ ਹੈ। ਜਲੰਧਰ ਦੇ ਤਿੰਨ ਕੋਰੋਨਾ ਵਾਇਰਸ ਦੇ ਮਰੀਜ ਇਕੋ ਪਰਿਵਾਰ ਦੇ ਹਨ। ਇਸ ਤੋਂ ਬਾਅਦ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ। 

 

ਇਸ ਤੋਂ ਇਲਾਵਾ ਪੰਜਾਬ ਵਿਚ 30 ਹਜ਼ਾਰ ਲੋਕਾਂ ਨੂੰ ਘਰਾਂ 'ਚ ਆਈਸੋਲੇਟ ਕੀਤਾ ਗਿਆ। ਨਵਾਂਸ਼ਹਿਰ 'ਚ ਕੋਰੋਨਾ ਦੇ 3 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। 
ਮ੍ਰਿਤਕ ਬਜ਼ੁਰਗ ਬਲਦੇਵ ਸਿੰਘ ਦੇ 2 ਪੋਤਿਆਂ ਅਤੇ ਦੋਹਤੇ 'ਚ ਕੋਰੋਨਾ ਦੀ ਤਸਦੀਕ ਕੀਤਾ ਗਿਆ ਹੈ। ਨਵਾਂਸ਼ਹਿਰ 'ਚ ਹੁਣ ਤੱਕ ਕੋਰੋਨਾ ਦੇ 18 ਪਾਜ਼ੀਟਿਵ ਮਰੀਜ ਪਾਏ ਗਏ ਹਨ। ਜਿਨ੍ਹਾਂ ਨੂੰ ਨਵਾਂ ਸ਼ਹਿਰ ਦੇ ਸਿਵਲ ਹਸਪਤਾਲ 'ਚ ਆਈਸੋਲੇਟ ਕੀਤਾ ਗਿਆ। ਪੰਜਾਬ ਵਿਚ ਦਿਨੋ ਦਿਨ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵਧ ਰਹੀ ਹੈ। 

ਜ਼ਿਕਰਯੋਗ ਹੈ ਕਿ ਇਸ ਬਜੁਰਗ ਦੇ ਸੰਪਰਕ ਵਿਚ ਆਉਣ ਨਾਲ ਫਿਲੌਰ ਵਿਚ ਕੋਰੋਨਾ ਵਾਇਰਸ ਦੇ ਤਿੰਨ ਮਰੀਜ ਸਾਹਮਣੇ ਆਏ ਸਨ। ਕੋਰੋਨਾ ਵਾਇਰਸ ਦੇ ਵਧਦੀ ਗਿਣਤੀ ਨੂੰ ਲੈ ਕੇ ਪੰਜਾਬ ਵਿਚ ਕਰਫਿਊ ਲਗਾਇਆ ਗਿਆ ਸੀ। ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਹੈ ਅਤੇ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।