ਡੀਜੀਪੀ ਦਿਨਕਰ ਗੁਪਤਾ ਦੀ ਅਗਵਾਈ 'ਚ ਪੰਜਾਬ ਪੁਲਿਸ ਦਾ ਨਵਾਂ ਰੂਪ ਆਇਆ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰੋਨਾ ਵਾਇਰਸ ਦੇ ਪ੍ਰਭਾਵ ਨਾਲ ਪੰਜਾਬ ਦੇ ਹਲਾਤ ਵੀ ਨਾਜ਼ੁਕ ਬਣੇ ਹੋਏ ਹਨ |

Photo

ਚੰਡੀਗੜ੍ਹ: ਕਰੋਨਾ ਵਾਇਰਸ ਦੇ ਪ੍ਰਭਾਵ ਨਾਲ ਪੰਜਾਬ ਦੇ ਹਲਾਤ ਵੀ ਨਾਜ਼ੁਕ ਬਣੇ ਹੋਏ ਹਨ | ਹੁਣ ਤੱਕ ਸੂਬੇ ਭਰ ਵਿੱਚ 25 ਤੋਂ ਵੱਧ ਮਾਮਲੇ ਕਰੋਨਾ ਪਾਜ਼ੀਟਿਵ ਆ ਚੁੱਕੇ ਹਨ, ਇਸਦੇ ਲਈ ਹਲਾਤਾਂ ਨੂੰ ਕਾਬੂ ਕਰਨ ਤਹਿਤ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਫਿਊ ਲਗਾਉਣ ਦਾ ਆਦੇਸ਼ ਜਾਰੀ ਕੀਤਾ ਗਿਆ, ਉੱਥੇ ਹੀ ਪੰਜਾਬ ਪੁਲਿਸ ਪੂਰੀ ਤਨਦੇਹੀ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਵਿੱਚ ਲੱਗੀ ਹੋਈ ਹੈ |

ਪੰਜਾਬ ਪੁਲਿਸ ਦੀ ਕਾਰਗੁਜਾਰੀ ਦੀ ਹਰ ਇੱਕ ਵੱਲੋਂ ਤਾਰੀਫ ਵੀ ਕੀਤੀ ਜਾ ਰਹੀ ਹੈ। ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਇਸ ਵੀਡੀਓ ਵਿੱਚ ਜਿੱਥੇ ਦਿਨਕਰ ਗੁਪਤਾ ਖੁਦ ਸਾਵਧਾਨੀਆਂ ਵਰਤਦੇ ਨਜ਼ਰ ਆ ਰਹੇ ਹਨ, ਉੱਥੇ ਹੀ ਆਪਣੇ ਸਹਿ-ਕਰਮੀਆਂ ਦੀ ਸ਼ਲਾਘਾ ਵੀ ਕਰ ਰਹੇ ਹਨ |

ਦਿਨਕਰ ਗੁਪਤਾ ਨੇ ਇਸ ਵੀਡੀਓ ਵਿਚ ਪੰਜਾਬ ਪੁਲਿਸ ਦੇ ਜਵਾਨਾਂ ਦੀ ਸਿਫਤ ਕਰਦੇ ਹੋਏ ਕਿਹਾ ਕਿ ਪੰਜਾਬ ਪੁਲਿਸ ਨੇ ਕਰੋਨਾ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਪਹਿਲਾਂ ਆਇਸੋਲੇਟੇਡ ਲੋਕਾਂ ਦੀ ਨਿਗਰਾਨੀ ਕੀਤੀ ਤੇ ਫਿਰ ਕਰੋਨਾ ਦੇ ਸ਼ੱਕੀ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਕੀਤਾ | ਦਿਨਕਰ ਗੁਪਤਾ ਨੇ ਪੰਜਾਬ ਪੁਲਿਸ ਹਰ ਮੁਲਾਜ਼ਮ ਦੀ ਪਿੱਠ ਥਾਪੜਦੇ ਹੋਏ ਕਿਹਾ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕਰੋਨਾ ਦੇ ਸ਼ੱਕੀ ਮਰੀਜ਼ਾਂ ਨੂੰ ਹਸਪਤਾਲ ਵਿੱਚ ਪਹੁੰਚਿਆ ਜੋ ਕਿ ਬਹੁਤ ਔਖਾ ਕੰਮ ਹੈ |

ਇਸਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਕਰਫਿਊ ਨੂੰ ਲਾਗੂ ਕਰਨ ਵਿੱਚ ਪੰਜਾਬ ਪੁਲਿਸ ਦਿਨ-ਰਾਤ ਮਿਹਨਤ ਕਰ ਰਹੀ ਹੈ | ਡੀਜੀਪੀ ਪੰਜਾਬ ਦਿਨਕਰ ਗੁਪਤਾ ਦੀ ਅਗਵਾਈ ਵਿਚ ਪੰਜਾਬ ਦੀ ਸਾਰੀ ਪੁਲਿਸ ਫੋਰਸ ਸੜਕਾਂ 'ਤੇ ਤੈਨਾਤ ਹੈ ਤੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਅਤੇ ਘਰਾਂ ਵਿੱਚ ਸੁਰੱਖਿਅਤ ਰਹਿਣ ਲਈ ਪ੍ਰੇਰਿਤ ਕਰ ਰਹੀ ਹੈ |

ਬੇਸ਼ੱਕ ਕੁੱਝ ਮਾਮਲੇ ਅਜਿਹੇ ਵੀ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਪੁਲਿਸ ਵੱਲੋਂ ਸਖਤੀ ਦਿਖਾਈ ਗਈ ਹੈ ਪਰ ਇਹ ਵੀ ਲੋਕਾਂ ਦੀ ਭਲਾਈ ਲਈ ਹੈ | ਜ਼ਿਕਰਯੋਗ ਹੈ ਕਰੋਨਾ ਦੇ ਦਹਿਸ਼ਤ ਭਰੇ ਮਹੌਲ ਵਿੱਚ ਪੁਲਿਸ ਦਾ ਇੱਕ ਵੱਖਰਾ ਰੂਪ ਦੇਖਣ ਨੂੰ ਮਿਲਿਆ | ਪੁਲਿਸ ਦੇ ਮੁਲਾਜ਼ਮਾਂ ਵੱਲੋਂ ਲੋਕਾਂ ਦੀ ਸਹਾਇਤਾ ਬੜੇ ਹੀ ਅਨੋਖੇ ਤਰੀਕੇ ਨਾਲ ਕੀਤੀ ਜਾ ਰਹੀ ਹੈ |

ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਇੱਕ ਬਜ਼ਰੂਗ ਰੇਹੜੀ ਵਾਲੇ ਤੋਂ ਸਬਜ਼ੀ ਖਰੀਦ ਰਹੇ ਹਨ ਤੇ ਉਸ ਬਜ਼ਰੂਗ ਨੂੰ ਸਾਵਧਾਨੀ ਵਰਤਦੇ ਹੋਏ ਘਰ ਵਿੱਚ ਰਹਿਣ ਦੀ ਅਪੀਲ ਕਰ ਰਹੇ ਹਨ | ਪੁਲਿਸ ਮੁਲਾਜ਼ਮਾਂ ਦੀ ਇਹ ਵੀਡੀਓ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੂਕ ਪੇਜ 'ਤੇ ਸਾਂਝੀ ਕਰ ਪੁਲਿਸ ਦੀ ਸ਼ਲਾਘਾ ਕੀਤੀ ਹੈ |

ਇਸਦੇ ਨਾਲ ਤੁਹਾਨੂੰ ਦੱਸ ਦੇਈਏ ਕਿ ਪੰਜਾਬ ਪੁਲਿਸ ਜਰੂਰੀ ਸਮਾਨ ਲੋਕਾਂ ਤੱਕ ਪਹੁੰਚਾਉਣ ਵਿੱਚ ਵੀ ਮਦਦ ਕਰ ਰਹੀ ਹੈ | ਸੋਸ਼ਲ ਮੀਡਿਆ 'ਤੇ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ ਜਿਸ ਵਿੱਚ ਪੰਜਾਬ ਪੁਲਿਸ ਦੇ ਜਵਾਨ ਖਾਧ ਪਦਾਰਥ ਲੋਕਾਂ ਤੱਕ ਪਹੁੰਚਾ ਰਹੇ ਹਨ ਤੇ ਲੋਕਾਂ ਦੀ ਸੁਰੱਖਿਆ ਲਈ ਤੈਨਾਤ ਹਨ | ਪੰਜਾਬ ਪੁਲਿਸ ਦਾ ਇਹ ਰੂਪ ਇਸ ਖੌਫ ਦੇ ਮਹੌਲ ਵਿੱਚ ਆਰਾਮਦਾਇਕ ਲੱਗਦਾ ਹੈ ਤੇ ਸਭ ਨੂੰ ਅਪੀਲ ਹੈ ਕਿ ਆਪਣੇ ਘਰ ਵਿੱਚ ਹੀ ਰਹੋ ਤੇ ਸਾਰੀਆਂ ਸਾਵਧਾਨੀਆਂ ਦੀ ਵਰਤੋਂ ਕਰੋ |