ਤੇਜ਼ ਹਨੇਰੀ ਅਤੇ ਮੀਂਹ ਕਾਰਨ ਕਿਸਾਨਾਂ ਦੀ ਕਣਕ ਦੀ ਫ਼ਸਲ ਹੋਈ ਖ਼ਰਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਣਕ ਅਤੇ ਸਰ੍ਹੋਂ ਦੀ ਫ਼ਸਲ ਪੱਕਣ ਕਿਨਾਰੇ ਹੈ ਜੋ ਭਾਰੀ ਹੋਣ ਕਰ ਕੇ ਤੇਜ਼ ਹਨੇਰੀ ਦੇ ਵੇਗ ਨੂੰ ਝੱਲ ਨਹੀਂ ਸਕਦੀ।

wheat crop

ਮਾਨਸਾ (ਧਰਮਿੰਦਰ ਸਿੰਘ ਧਾਲੀਵਾਲ, ਮੱਖਣ ਸਿੰਘ ਉਭਾ) : ਬੀਤੀ ਰਾਤ ਚਲੀ ਤੇਜ਼ ਹਨੇਰੀ ਅਤੇ ਹੋਈ ਬਰਸਾਤ ਨੇ ਪੰਜਾਬ ਵਿਚ ਬਹੁਤੀਆਂ ਥਾਵਾਂ ਉਤੇ ਆਮ ਜੀਵਨ ਅਸਤ-ਵਿਅਸਤ ਕਰ ਦਿਤਾ, ਖ਼ਾਸ ਕਰ ਕੇ ਕਿਸਾਨਾਂ ਦੇ ਮੱਥਿਆਂ ਉਤੇ ਚਿੰਤਾ ਦੀਆਂ ਲਕੀਰਾਂ ਪਾ ਦਿਤੀਆਂ। ਵੱਖ-ਵੱਖ ਜ਼ਿਲ੍ਹਿਆਂ ਵਿਚ ਹੋਈ ਬਰਸਾਤ ਤੇ ਤੇਜ਼ ਹਨੇਰੀਆਂ ਚਲਣ ਨਾਲ ਕਣਕ ਦੀ ਫ਼ਸਲ ਵਿਛ ਗਈ।  ਇਸੇ ਲੜੀ ਤਹਿਤ ਤਪਾ ਢਿਲਵਾਂ ਲਿੰਕ ਰੋਡ ਤੇ ਦਰੱਖ਼ਤਾਂ ਦੇ ਸੜਕ ਤੇ ਡਿੱਗਣ ਕਾਰਨ ਜਿਥੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉਥੇ ਪੱਕਣ ਦੇ ਕਿਨਾਰੇ ਚਲ ਰਹੀ ਕਣਕ ਦੀ ਫ਼ਸਲ ਨੂੰ ਲੈ ਕੇ ਕਿਸਾਨਾਂ ਵਿਚ ਚਿੰਤਾ ਨਜ਼ਰ ਆਈ ਹੈ।

ਮਾਨਸਾ ਇਲਾਕੇ ਦੇ ਕਿਸਾਨ ਸੁਖਦੇਵ ਸਿੰਘ, ਰਾਮ ਸਿੰਘ, ਜਸਵੰਤ ਸਿੰਘ, ਮਿੱਠੂ ਸਿੰਘ, ਬਿੰਦਰ ਸਿੰਘ ਆਦਿ ਨੇ ਦਸਿਆ ਕਿ ਖੇਤੀ ਵਿਭਾਗ ਇਸ ਬਾਰਸ਼ ਨੂੰ ਸ਼ੁਭ ਮੰਨਦਾ ਹੈ ਪਰ ਕਿਸਾਨਾਂ  ਵਲੋਂ ਕਿਹਾ ਜਾ ਰਿਹਾ ਹੈ ਕਿ ਅਜੇ ਕੱਚੀਆਂ ਫ਼ਸਲਾਂ ਨੂੰ ਪਾਣੀ ਲੱਗਿਆ ਹੋਇਆ ਸੀ ਜੋ ਕਿ ਤੇਜ਼ ਹਨ੍ਹੇਰੀ  ਕਾਰਨ ਹੇਠਾਂ ਡਿੱਗ ਪਈ ਹੈ।

 ਕਿਸਾਨਾਂ ਨੇ ਭਰੇ ਮਨ ਨਾਲ ਪੱਤਰਕਾਰਾਂ ਨਾਲ ਗੱਲ ਕਰਦਿਆਂ ਦਸਿਆ ਕਿ ਪਹਿਲਾਂ ਤਾਂ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਹੀ ਕਿਸਾਨ ਆਰਥਕ ਪੱਖੋਂ ਪਹਿਲਾਂ ਹੀ ਡਾਵਾਂਡੋਲ ਹੋ ਚੁੱਕਾ ਹੈ ਜੇਕਰ ਮੀਂਹ ਪੈਂਦਾ ਹੈ ਜਾਂ ਝੱਖੜ ਹਨੇਰੀ ਆਉਂਦੀ ਹੈ ਤਾਂ ਉਨ੍ਹਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਛੇ ਮਹੀਨਿਆਂ ਦੀ ਕਮਾਈ ਖ਼ਤਮ ਹੋ ਜਾਵੇਗੀ । 

ਪੰਜਾਬ ਦੇ ਵੱਖ ਵੱਖ ਥਾਵਾਂ ਉਤੇ ਖੇਤਾਂ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਤੇਜ਼ ਹਨੇਰੀ ਕਾਰਨ ਪੰਜਾਬ ਦੇ ਅੰਨਦਾਤਾ ਦੀ ਪੁੱਤਾਂ ਵਾਂਗ ਪਾਲੀ ਹੋਈ ਕਣਕ ਦੀ ਫ਼ਸਲ ਤੇਜ਼ ਹਵਾ ਕਾਰਨ ਖੇਤਾਂ ’ਚ ਵਿਛੀ ਹੋਈ ਦਿਖਾਈ ਦਿਤੀ। ਜਦ ਇਸ ਸਬੰਧੀ ਖੇਤਾਂ ’ਚ ਕੰਮ ਕਰ ਰਹੇ ਕੁੱਝ ਕਿਸਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਸਿਆ ਕਿ ਜੇਕਰ ਮੌਸਮ ਇਸੇ ਤਰ੍ਹਾਂ ਦਾ ਬਣਿਆ ਰਹਿੰਦਾ ਹੈ ਅਤੇ ਤੇਜ਼ ਹਨੇਰੀ ਦੇ ਨਾਲ ਵਰਖਾ ਹੁੰਦੀ ਹੈ ਤਾਂ ਕਣਕ ਤੇ ਸਰ੍ਹੋਂ ਦੀ ਫ਼ਸਲ ਦੇ ਡਿੱਗਣ ਦਾ ਖਦਸ਼ਾ ਖੜਾ ਹੋ ਜਾਂਦਾ ਹੈ ਕਿਉਂਕਿ ਇਸ ਵੇਲੇ ਕਣਕ ਅਤੇ ਸਰ੍ਹੋਂ ਦੀ ਫ਼ਸਲ ਪੱਕਣ ਕਿਨਾਰੇ ਹੈ ਜੋ ਭਾਰੀ ਹੋਣ ਕਰ ਕੇ ਤੇਜ਼ ਹਨੇਰੀ ਦੇ ਵੇਗ ਨੂੰ ਝੱਲ ਨਹੀਂ ਸਕਦੀ।

ਠੰਢੀਆਂ ਹਵਾਵਾਂ ਚੱਲਣ ਨਾਲ ਮੌਸਮ ’ਚ ਆਈ ਅਚਾਨਕ ਤਬਦੀਲੀ ਕਾਰਨ ਲੋਕ ਠਿਠੁਰਦੇ ਨਜ਼ਰ ਆਏ। ਕਿਸਾਨਾਂ ਨੇ ਇਸ ਸਬੰਧੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਦਾ ਕਿਸਾਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ ਤੇ ਦਿਨ ਰਾਤ ਡਟਿਆ ਹੋਇਆ ਹੈ ਉੱਥੇ ਦੂਜੇ ਪਾਸੇ ਪਿਛਲੇ ਦੋ ਦਿਨਾਂ ਤੋਂ ਖ਼ਰਾਬ ਹੋਏ ਮੌਸਮ ਨੇ ਉਨ੍ਹਾਂ ਦੀ ਨੀਂਦ ਉਡਾ ਕੇ ਰੱਖ ਦਿਤੀ ਹੈ।