ਗੜ੍ਹਸ਼ੰਕਰ ਇਲਾਕੇ ਵਿਚ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਗਿ੍ਰਫ਼ਤਾਰ, ਦੋ ਥਾਵਾਂ ’ਤੇ ਕੀਤੀ ਸੀ ਬੇਅਦਬੀ
ਗੜ੍ਹਸ਼ੰਕਰ ਇਲਾਕੇ ਵਿਚ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਗਿ੍ਰਫ਼ਤਾਰ, ਦੋ ਥਾਵਾਂ ’ਤੇ ਕੀਤੀ ਸੀ ਬੇਅਦਬੀ
ਹੁਸ਼ਿਆਰਪੁਰ, 23 ਮਾਰਚ (ਨਛੱਤਰ ਸਿੰਘ): ਨਰਿੰਦਰ ਸਿੰਘ ਉਪ ਪੁਲਿਸ ਕਪਤਾਨ, ਗੜ੍ਹਸ਼ੰਕਰ, ਇੰਸ: ਰਜੀਵ ਕੁਮਾਰ ਮੁੱਖ ਅਫ਼ਸਰ ਥਾਣਾ ਗੜ੍ਹਸ਼ੰਕਰ ਹੁਸ਼ਿਆਰਪੁਰ ਪੁਲਿਸ ਨੂੰ ਧਾਰਮਕ ਬੇਅਦਬੀ ਕਰਨ ਵਾਲੇ ਇਕ ਦੋਸ਼ੀ ਨੁੰ ਗਿ੍ਰਫ਼ਤਾਰ ਕਰਨ ਵਿਚ ਸਫ਼ਲਤਾ ਮਿਲੀ ਹੈ। ਗਿ੍ਰਫ਼ਤਾਰ ਦੋਸ਼ੀ ਬਲਬੀਰ ਕੁਮਾਰ ਵਲੋਂ ਪਿੰਡ ਸਤਨੌਰ ਅਤੇ ਬਡੇਸਰੋਂ ਦੇ ਏਰੀਆ ਵਿਚ ਧਾਰਮਕ ਬੇਅਦਬੀਆਂ ਨੂੰ ਅੰਜਾਮ ਦਿਤਾ ਗਿਆ ਸੀ।
ਪਿੰਡ ਸਤਨੌਰ ਦੇ ਸ਼ਮਸ਼ਾਨ ਘਾਟ ਵਿਖੇ ਅਣਪਛਾਤੇ ਸ਼ਰਾਰਤੀ ਅਨਸਰ ਵਲੋਂ ਭਗਵਾਨ ਸ਼ਿਵ ਦੀ ਮੂਰਤੀ ਦੀ ਬੇਅਦਬੀ ਕੀਤੀ ਗਈ ਸੀ ਅਤੇ ਹਿੰਦੂ ਕਮਿਊਨਿਟੀ ਦੇ ਜਠੇਰਿਆਂ ਦੀ ਥਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਤੇ ਪੀਰ ਲੱਖਦਾਤਾ ਦੀ ਫ਼ੋਟੋ ਨੂੰ ਪਾੜਿਆ ਗਿਆ ਸੀ ਜਿਸ ਕਾਰਨ ਮਾਮਲਾ ਦਰਜ ਕੀਤਾ ਗਿਆ ਸੀ। ਇਸੇ ਤਰ੍ਹਾਂ ਮਿਤੀ 16/17 ਮਾਰਚ 2022 ਦੀ ਦਰਮਿਆਨੀ ਰਾਤ ਅਣਪਛਾਤੇ ਸ਼ਰਾਰਤੀ ਅਨਸਰ ਵਲੋਂ ਥਾਣਾ ਗੜ੍ਹਸ਼ੰਕਰ ਪਿੰਡ ਬਡੇਸਰੋਂ ਵਿਚ ਪੈਂਦੇ ਬਾਬਾ ਬਾਲਕ ਨਾਥ ਦੇ ਮੰਦਰ ਵਿਚੋਂ ਬਾਬਾ ਬਾਲਕ ਨਾਥ ਦੀ ਮੂਰਤੀ ਚੋਰੀ ਕੀਤੀ ਗਈ ਸੀ ਜਿਸ ਤੇ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਘਟਨਾਵਾਂ ਕਿਸੇ ਮਾਨਸਕ ਤੌਰ ’ਤੇ ਪ੍ਰੇਸ਼ਾਨ ਵਿਅਕਤੀ ਵਲੋਂ ਕੀਤੀਆਂ ਗਈਆਂ ਜਾਪਦੀਆਂ ਸਨ ਜਿਸ ਕਾਰਨ ਕਈ ਹਿੰਦੂ ਸੰਗਠਨ ਅਤੇ ਰਾਜਨੀਤਕ ਪਾਰਟੀਆਂ ਵਲੋਂ ਇਨ੍ਹਾਂ ਘਟਨਾਵਾਂ ਦਾ ਵਿਰੋਧ ਕੀਤਾ ਗਿਆ ਸੀ। ਉਪਰੋਕਤ ਸਾਰੇ ਮਾਮਲਿਆਂ ਦੀ ਤਫ਼ਤੀਸ਼ ਦੌਰਾਨ ਪੂਰੀ ਸੰਵੇਦਨਸ਼ੀਲਤਾ ਅਤੇ ਸਖ਼ਤ ਮਿਹਨਤ ਨਾਲ ਆਲੇ ਦੁਆਲੇ ਦੇ ਏਰੀਆ ਦੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਚੈਕ ਕੀਤਾ ਗਿਆ ਅਤੇ ਹੋਰ ਥਾਣਿਆਂ ਦੇ ਰਿਕਾਰਡ ਵਿਚ ਅਜਿਹੀਆਂ ਘਟਨਾਵਾਂ ਕਰਨ ਵਾਲੇ ਵਿਅਕਤੀਆਂ ਦੀ ਵੀ ਜਾਂਚ ਕੀਤੀ ਗਈ ਜਿਸ ਵਿਚ ਕੁੱਝ ਸ਼ੱਕੀ ਵਿਅਕਤੀਆਂ ਦੀ ਗਤੀਵਿਧੀਆਂ ਨਜ਼ਰ ਆਈਆਂ ਸਨ।
ਘਟਨਾਵਾਂ ਨੂੰ ਟਰੇਸ ਕਰਨ ਲਈ ਹਰ ਵਿਗਿਆਨਕ ਢੰਗ ਤਰੀਕੇ ਦੀ ਹਰ ਸੰਭਵ ਮਦਦ ਲਈ ਗਈ ਜਿਸ ਵਿਚ ਇਕ ਵਿਅਕਤੀ ਬਲਬੀਰ ਕੁਮਾਰ ਉਕਤ ਗਤੀਵਿਧੀਆਂ ਇਨ੍ਹਾਂ ਵਾਰਦਾਤ ਵਾਲੇ ਦਿਨ ਸ਼ੱਕੀ ਪਾਇਆ ਗਿਆ ਸੀ ਜਿਸ ’ਤੇ ਇਸ ਨੂੰ ਟਰੇਸ ਕਰ ਕੇ ਗੜ੍ਹਸ਼ੰਕਰ ਦੇ ਇਲਾਕੇ ਵਿਚ ਪੈਂਦੇ ਇਕ ਬੰਜਰ ਘਰ ਤੋਂ ਗਿ੍ਰਫ਼ਤਾਰ ਕੀਤਾ ਗਿਆ ਹੈ ਜਿਸ ਪਾਸੋਂ ਚੋਰੀ ਕੀਤੀ ਬਾਬਾ ਬਾਲਕ ਨਾਥ ਦੀ ਮੂਰਤੀ ਵੀ ਬਰਾਮਦ ਕੀਤੀ ਗਈ ਹੈ। ਪੁੱਛਗਿਛ ਦੌਰਾਨ ਦੋਸ਼ੀ ਨੇ ਉਕਤ ਘਟਨਾਵਾਂ ਕਰਨ ਬਾਰੇ ਮੰਨਿਆ ਹੈ ਅਤੇ ਇਸ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ।