GNDU ਦੀ ਵਿਦਿਆਰਥਣ ਨਾਲ ਛੇੜਛਾੜ ਤੋਂ ਬਾਅਦ ਭੜਕੇ ਵਿਦਿਆਰਥੀ, ਕੀਤਾ ਰੋਸ ਪ੍ਰਦਰਸ਼ਨ
ਰੋਕਣ ਗਏ ਵਿਦਿਆਰਥੀਆਂ ’ਤੇ ਕੀਤਾ ਜਾਨਲੇਵਾ ਹਮਲਾ
ਅੰਮ੍ਰਿਤਸਰ - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਅ ਵਿਭਾਗ ਨੇੜੇ ਹੋਸਟਲ ਜਾ ਰਹੀ ਵਿਦਿਆਰਥਣ ਨਾਲ ਛੇੜਛਾੜ ਕਰ ਰਹੇ ਨੌਜਵਾਨ ਨੇ ਕੈਂਪਸ ਦੇ 5 ਵਿਦਿਆਰਥੀਆਂ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ਵਿਚ ਵਿਦਿਆਰਥੀ ਜ਼ਖ਼ਮੀ ਹੋ ਗਏ। ਜਦੋਂ ਤੱਕ ਯੂਨੀਵਰਸਿਟੀ ਦੇ ਸੁਰੱਖਿਆ ਕਰਮਚਾਰੀ ਹਮਲਾਵਰ ਨੂੰ ਫੜ ਪਾਉਂਦੇ ਉਦੋਂ ਨੂੰ ਉਹ ਮੌਕੇ ਤੋਂ ਫ਼ਰਾਰ ਹੋ ਗਿਆ।
ਜ਼ਖ਼ਮੀ ਹੋਏ ਵਿਦਿਆਰਥੀਆਂ ਨੂੰ ਇਲਾਜ ਲਈ ਸਥਾਨਕ ਇੱਕ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ। 2 ਵਿਦਿਆਰਥੀਆਂ ਨੂੰ ਤਾਂ ਦੇਰ ਰਾਤ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ, ਜਦਕਿ 3 ਦਾ ਇਲਾਜ ਚੱਲ ਰਿਹਾ ਹੈ। ਥਾਣਾ ਕੰਟੋਨਮੈਂਟ ਦੀ ਪੁਲਿਸ ਨੇ ਅਣਪਛਾਤੇ ਹਮਲਾਵਰ ਵਿਰੁੱਧ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ ਕਰ ਲਿਆ ਹੈ।
ਜ਼ਖ਼ਮੀਆਂ ਵਿਚ ਜਤਿਨ ਕੁਮਾਰ, ਕੁਨਾਲ ਅਤੇ ਦੀਪਾਂਸ਼ ਤੋਂ ਇਲਾਵਾ 2 ਹੋਰ ਵਿਦਿਆਰਥੀ ਸਨ। ਘਟਨਾ ਤੋਂ ਬਾਅਦ ਦੇਰ ਰਾਤ ਯੂਨੀਵਰਸਿਟੀ ਦੇ ਸੁਰੱਖਿਆ ਵਿਭਾਗ ਨੇ ਹਮਲਾਵਰ ਨੌਜਵਾਨ ਨੂੰ ਲੱਭਣ ਲਈ ਸਰਚ ਅਭਿਆਨ ਚਲਾਇਆ ਪਰ ਕੁਝ ਹੱਥ ਨਹੀਂ ਲੱਗਾ।
ਜ਼ਖ਼ਮੀ ਕੀਤੇ ਗਏ 5 ਵਿਦਿਆਰਥੀਆਂ ਅਤੇ ਵਿਦਿਆਰਥਣ ਨਾਲ ਹੋਈ ਛੇੜਛਾੜ ਦੇ ਮਾਮਲੇ ਵਿਚ ਯੂਨੀਵਰਸਿਟੀ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਯੂਨੀਵਰਸਿਟੀ ਮੈਨੇਜਮੈਂਟ ਦੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕਈ ਸਵਾਲ ਖੜ੍ਹੇ ਕੀਤੇ ਗਏ। ਵਿੱਦਿਆਰਥੀਆਂ ਵਲੋਂ ਇਹ ਮੰਗ ਕੀਤੀ ਗਈ ਕਿ ਦੇਰ ਰਾਤ ਹੋਈ ਘਟਨਾ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜਲਦ ਤੋਂ ਜਲਦ ਹਮਲਾਵਰ ਦੀ ਪਛਾਣ ਕਰਨ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ।