ਹਿਮਾਚਲ ਦੇ ਮੁੱਖ ਮੰਤਰੀ ਵਲੋਂ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਬਾਰੇ ਦਿਤਾ ਬਿਆਨ ਨਿੰਦਣਯੋਗ : ਗਿਆਨੀ ਰਘਬੀਰ ਸਿੰਘ
ਹਿਮਾਚਲ ਦੇ ਮੁੱਖ ਮੰਤਰੀ ਵਲੋਂ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਬਾਰੇ ਦਿਤਾ ਬਿਆਨ ਨਿੰਦਣਯੋਗ : ਗਿਆਨੀ ਰਘਬੀਰ ਸਿੰਘ
ਸ੍ਰੀ ਅਨੰਦਪੁਰ ਸਾਹਿਬ, 23 ਮਾਰਚ (ਸੇਵਾ ਸਿੰਘ): ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਲੋਂ ਦਿਤਾ ਗਿਆ ਗ਼ੈਰ ਜ਼ੁੰਮੇਵਾਰ ਬਿਆਨ ਨਾਲ ਸਿੱਖਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਵਲੋਂ ਸਿੱਖਾਂ ਦੇ ਨਿਸ਼ਾਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਨੂੰ ਪਾਬੰਦੀਸ਼ੁਦਾ ਕਹਿਣਾ ਭਾਰਤ ਵਿਚ ਵਸਦੇ ਸਮੂਹ ਭਾਈਚਾਰੇ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਉਣ ਦੇ ਬਰਾਬਰ ਹੈ। ਇਸ ਸਬੰਧੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਹਿਮਾਚਲ ਪ੍ਰਦੇਸ਼ ਸੂਬੇ ਦੇ ਮੁੱਖ ਮੰਤਰੀ ਵਲੋਂ ਅਜਿਹਾ ਫ਼ਿਰਕੂ ਪ੍ਰਸਤੀ ਬਿਆਨ ਦੇਣਾ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦਾ ਕੌਮੀ ਨਿਸ਼ਾਨ ਦੁਨੀਆਂ ਵਿਚ ਪੂਰੀ ਚੜ੍ਹਦੀ ਕਲਾ ਨਾਲ ਝੂਲਦਾ ਹੈ। ਇਸੇ ਤਰ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਵਲੋਂ ਕੌਮੀ ਸ਼ਹੀਦ ਐਲਾਨਿਆ ਗਿਆ ਹੈ ਉਨ੍ਹਾਂ ਦੀ ਤਸਵੀਰ ਹਰ ਇਕ ਸਿੱਖੀ ਨੂੰ ਪਿਆਰ ਕਰਨ ਵਾਲਿਆਂ ਦੇ ਦਿਲਾਂ ਵਿਚ ਵਸਦੀ ਹੈ। ਜੈ ਰਾਮ ਠਾਕੁਰ ਦਾ ਇਹ ਬਿਆਨ ਗ਼ੈਰ ਜ਼ੁੰਮੇਵਾਰ ਤੇ ਫ਼ਿਰਕੂਪ੍ਰਸਤੀ ਕਰਨ ਵਾਲਾ ਹੈ।