ਕੋਰੋਨਾ ਕਾਰਨ ਹੋਈਆਂ ਮੌਤਾਂ ਦੇ ਮੁਆਵਜ਼ੇ 'ਤੇ SC ਦਾ ਵੱਡਾ ਫੈਸਲਾ, ਹੁਣ ਕੇਂਦਰ ਸਰਕਾਰ ਕਰੇਗੀ ਇਹ ਕਾਰਵਾਈ
28 ਮਾਰਚ ਤੋਂ ਬਾਅਦ ਮੁਆਵਜ਼ੇ ਲਈ ਦਾਅਵਾ ਦਾਖਲ ਹੋਵੇਗਾ
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਕਹੀ ਗਈ ਸੀ। ਜਿਸ ਤੋਂ ਬਾਅਦ ਲੋਕਾਂ ਨੂੰ ਮੁਆਵਜ਼ਾ ਮਿਲਣ ਲੱਗ ਵੀ ਗਿਆ ਸੀ ਪਰ ਫਿਰ ਕਈ ਲੋਕ ਝੂਠੇ ਦਾਅਵੇ ਕਰਨ ਲੱਗ ਪਏ ਜਿਸ ਕਰ ਕੇ ਇਸ ਪ੍ਰਕਿਰਿਆ ਵਿਚ ਰੁਕਾਵਟ ਆ ਗਈ ਸੀ। ਅਜਿਹੇ ਮਾਮਲਿਆਂ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਲਿਆ ਹੈ।
ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕੋਰੋਨਾ ਨਾਲ ਹੋਈ ਮੌਤ ਦਾ ਮੁਆਵਜ਼ਾ ਲੈਣ ਲਈ ਦਾਇਰ ਕੀਤੇ ਜਾ ਰਹੇ ਝੂਠੇ ਦਾਅਵਿਆਂ ਦੇ ਦੋਸ਼ਾਂ ਦੀ ਜਾਂਚ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਤਹਿਤ ਆਂਧਰਾ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ ਅਤੇ ਕੇਰਲ ਵਿਚ ਦਾਇਰ ਕੀਤੇ ਗਏ 5% ਦਾਅਵਿਆਂ ਦੀ ਸਮੀਖਿਆ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕੋਰੋਨਾ ਕਾਰਨ ਹੋਈ ਮੌਤ 'ਤੇ ਮੁਆਵਜ਼ੇ ਦਾ ਦਾਅਵਾ ਕਰਨ ਲਈ 28 ਮਾਰਚ ਤੱਕ 60 ਦਿਨ ਦਾ ਸਮਾਂ ਤੈਅ ਕੀਤਾ ਹੈ। ਭਵਿੱਖ ਵਿਚ ਹੋਈ ਮੌਤ ਦਾ ਮੁਆਵਜ਼ਾ ਲੈਣ ਲਈ ਵੀ 90 ਦਿਨਾਂ ਦੇ ਅੰਦਰ ਦਾਅਵਾ ਕਰਨਾ ਹੋਵੇਗਾ। ਸੁਪਰੀਮ ਕੋਰਟ ਦੀ ਇਜਾਜ਼ਤ ਤੋਂ ਬਾਅਦ ਕੇਂਦਰ ਸਰਕਾਰ 4 ਰਾਜਾਂ ਵਿਚ 5% ਮੁਆਵਜ਼ੇ ਦੇ ਦਾਅਵਿਆਂ ਦੀ ਪੁਸ਼ਟੀ ਕਰ ਸਕਦੀ ਹੈ। ਇਹਨਾਂ ਦਾਅਵਿਆਂ ਦੀ ਸੰਖਿਆ ਅਤੇ ਦਰਜ ਕੀਤੀਆਂ ਗਈਆਂ ਮੌਤਾਂ ਦੇ ਵਿਚਕਾਰ ਕਾਫ਼ੀ ਅੰਤਰ ਹੈ। ਅਜਿਹੇ 'ਚ ਸੁਪਰੀਮ ਕੋਰਟ ਨੇ ਕੇਂਦਰ ਨੂੰ ਕੋਰੋਨਾ ਦੇ ਮੁਆਵਜ਼ੇ ਲਈ ਝੂਠੇ ਦਾਅਵਿਆਂ ਦੀ ਜਾਂਚ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।