ਨੌਜਵਾਨ ਤੇ ਗੁਰਸਿੱਖ ਅਪਣੇ ਹੱਕਾਂ ਨੂੰ ਬਚਾਉਣ ਲਈ ਪੰਥਕ ਅਕਾਲੀ ਲਹਿਰ ਨਾਲ ਜੁੜਨ : ਭਾਈ ਗੁਰਪ੍ਰੀਤ ਸਿੰਘ ਰੰਧਾਵਾ

ਏਜੰਸੀ

ਖ਼ਬਰਾਂ, ਪੰਜਾਬ

ਨੌਜਵਾਨ ਤੇ ਗੁਰਸਿੱਖ ਅਪਣੇ ਹੱਕਾਂ ਨੂੰ ਬਚਾਉਣ ਲਈ ਪੰਥਕ ਅਕਾਲੀ ਲਹਿਰ ਨਾਲ ਜੁੜਨ : ਭਾਈ ਗੁਰਪ੍ਰੀਤ ਸਿੰਘ ਰੰਧਾਵਾ

image

ਫ਼ਤਹਿਗੜ੍ਹ ਸਾਹਿਬ, 23 ਮਾਰਚ (ਸਵਰਨਜੀਤ ਸਿੰਘ ਸੇਠੀ): ਜ਼ਿਲ੍ਹੇ ਦੇ ਪ੍ਰਸਿੱਧ ਵਿਦਵਾਨ ਪ੍ਰਚਾਰਕ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਦੇ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਅੱਜ ਇਥੇ ਗੱਲਬਾਤ ਕਰਦਿਆਂ ਨੌਜਵਾਨ ਅਤੇ ਗੁਰਸਿੱਖ ਪ੍ਰਵਾਰਾਂ ਨੂੰ ਅਪਣੇ ਹੱਕਾਂ ਨੂੰ ਬਚਾਉਣ ਲਈ ਪੰਥਕ ਅਕਾਲੀ ਲਹਿਰ ਨਾਲ ਜੁੜਨ ਦਾ ਸੱਦਾ ਦਿਤਾ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀ ਸਨਮਾਨਤ ਪਦਵੀ ਇਕ ਪ੍ਰਵਾਰ ਦੀ ਸਿਆਸਤ ਦੀ ਗ਼ੁਲਾਮ ਬਣ ਗਈ ਹੈ ਜੋ ਕਿ ਪੰਥਕ ਸਫ਼ਾ ਵਿਚ ਚਿੰਤਾ ਦਾ ਵਿਸ਼ਾ ਹੈ ਜਿਸ ਕਾਰਨ ਹੀ ਅਪਣੀ ਵਿਰਾਸਤ ਨੂੰ ਬਚਾਉਣ ਲਈ ਪੰਥਕ ਅਕਾਲੀ ਲਹਿਰ ਦੀ ਸਿਰਜਣਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਅਤੇ 4 ਸਾਲ ਤੋਂ ਪਿੰਡਾਂ ਵਿਚ ਜਾ ਕੇ ਸੰਗਤਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਦੇ ਸਕੂਲ ਕਾਲਜਾਂ ’ਚ ਗ਼ਰੀਬ ਬੱਚਿਆਂ ਲਈ ਕੋਈ ਸਹੂਲਤ ਨਹੀਂ ਜਦੋਂ ਕਿ ਕਾਲਜਾਂ ਦੇ ਮੁਲਾਜ਼ਮਾਂ ਨੂੰ 10 ਮਹੀਨੇ ਤੋਂ ਤਨਖ਼ਾਹਾਂ ਵੀ ਨਹੀਂ ਦਿਤੀਆਂ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਅਤੇ ਲੋੜਵੰਦ ਗੁਰਸਿੱਖ ਪ੍ਰਵਾਰਾਂ ਨੂੰ ਸਹੂਲਤਾਂ ਦੇਣ ਵਿਚ ਅਸਫ਼ਲ ਰਹੀ ਹੈ ਅਤੇ ਅਖੌਤੀ ਡੇਰਾਵਾਦ ਪ੍ਰਫੁੱਲਤ ਹੋ ਰਿਹਾ ਹੈ। 
ਉਨ੍ਹਾਂ ਦੋਸ਼ ਲਾਇਆ ਕਿ 2015 ਵਿਚ ਡੇਰਾ ਸਿਰਸੇ ਨਾਲ ਭਾਈਵਾਲਾਂ ਨੂੰ ਸਹੀ ਸਾਬਤ ਕਰਨ ਲਈ 1 ਕਰੋੜ ਦੇ ਕਰੀਬ ਰਾਸ਼ੀ ਦੇ ਇਸ਼ਤਿਹਾਰ ਜਾਰੀ ਕੀਤੇ ਗਏ, ਸੌਦਾ ਸਾਧ ਨੂੰ ਮੁਆਫ਼ੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਰਗਾੜੀ ਕਾਂਡ ਵਿਚ ਸ਼੍ਰੋਮਣੀ ਕਮੇਟੀ ਦਾ ਰੋਲ ਠੀਕ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਗ਼ਲਤ ਸਿਸਟਮ ਨੂੰ ਬੰਦ ਕਰ ਕੇ ਗੁਰੂ ਮਰਿਆਦਾ ਅਨੁਸਾਰ ਚਲਾਉਣ ਲਈ ਸਿੱਖ ਸੰਗਤਾਂ ਨੂੰ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਪੰਥਕ ਅਕਾਲੀ ਲਹਿਰ ਦੇ ਨਿਰੋਲ ਧਾਰਮਕ ਮੰਚ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਭਾਈ ਰਣਜੀਤ ਸਿੰਘ ਇਸ ਮਨੋਰਥ ਵਿਚ ਕਾਮਯਾਬ ਹੋ ਸਕਣ।