ਭਾਰਤ-ਨੇਪਾਲ ਸਰਹੱਦ 'ਤੇ ਲੱਗੇ ਅੰਮ੍ਰਿਤਪਾਲ ਸਿੰਘ ਦੇ ਪੋਸਟਰ, ਚੌਕਸੀ ਵਧਾਈ
ਮਹਾਰਾਜਗੰਜ ਰਾਹੀਂ ਨੇਪਾਲ ਭੱਜਣ ਦਾ ਡਰ! ਆਉਣ-ਜਾਣ ਵਾਲੇ ਵਾਹਨਾਂ ਦੀ ਲਈ ਜਾ ਰਹੀ ਤਲਾਸ਼ੀ
ਮੋਹਾਲੀ : ਪੰਜਾਬ ਤੋਂ ਫਰਾਰ ਹੋਏ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਭਾਰਤ-ਨੇਪਾਲ ਸਰਹੱਦ 'ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮਹਾਰਾਜਗੰਜ ਦੇ ਸੋਨੌਲੀ ਬਾਰਡਰ 'ਤੇ ਅੰਮ੍ਰਿਤਪਾਲ ਸਿੰਘ ਦੇ ਪੋਸਟਰ ਲਗਾਏ ਗਏ ਹਨ। ਇਸ ਦੇ ਨਾਲ ਹੀ ਹਥਿਆਰਬੰਦ ਸੀਮਾ ਬਲ ਨੇ ਚੌਕਸੀ ਵਧਾ ਦਿੱਤੀ ਹੈ। ਭਾਰਤ ਤੋਂ ਨੇਪਾਲ ਜਾਣ ਵਾਲੇ ਵਾਹਨਾਂ ਅਤੇ ਲੋਕਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ 19 ਮਾਰਚ ਦੀ ਰਾਤ ਨੂੰ ਸ਼ਾਹਬਾਦ ਆਇਆ ਸੀ ਅਤੇ ਆਪਣੇ ਸਾਥੀ ਪੱਪਲਪ੍ਰੀਤ ਨਾਲ ਉਥੋਂ ਫਰਾਰ ਹੋ ਗਿਆ ਸੀ। ਜਦੋਂ ਤੋਂ ਅੰਮ੍ਰਿਤਪਾਲ ਫਰਾਰ ਹੋਇਆ ਹੈ, ਉਸ ਨੇ ਨਾ ਸਿਰਫ ਆਪਣੀ ਦਿੱਖ ਬਦਲੀ ਹੈ, ਸਗੋਂ ਆਪਣੀ ਗੱਡੀ ਵੀ ਬਦਲ ਰਿਹਾ ਹੈ। ਇਸ ਸਬੰਧੀ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ, ਜਵਾਨ ਸਾਰੇ ਨਾਕਿਆਂ 'ਤੇ ਚੌਕਸੀ ਰੱਖ ਰਹੇ ਹਨ।
ਇਹ ਵੀ ਪੜ੍ਹੋ: ਭਾਰਤੀ ਦੂਤਾਵਾਸ ਸਾਹਮਣੇ ਪ੍ਰਦਰਸ਼ਨ ਕਰਨ ਦਾ ਮਾਮਲਾ : ਦਿੱਲੀ ਪੁਲਿਸ ਨੇ ਦਰਜ ਕੀਤੀ FIR
ਪ੍ਰਾਪਤ ਜਾਣਕਾਰੀ ਅਨੁਸਾਰ ਸਿਰਫ ਸੋਨੌਲੀ ਹੀ ਨਹੀਂ, ਜ਼ਿਲ੍ਹੇ ਨਾਲ ਲੱਗਦੀ 84 ਕਿਲੋਮੀਟਰ ਸਰਹੱਦ ਨਾਲ ਲੱਗਦੀਆਂ ਸਾਰੀਆਂ ਚੈੱਕ ਪੋਸਟਾਂ ’ਤੇ ਅੰਮ੍ਰਿਤਪਾਲ ਸਿੰਘ ਅਤੇ ਪੱਪਲਪ੍ਰੀਤ ਦੀਆਂ ਤਸਵੀਰਾਂ ਚਿਪਕਾਈਆਂ ਗਈਆਂ ਹਨ। ਸੋਨੌਲੀ ਦੇ ਐੱਸਐੱਸਬੀ ਸਬ-ਇੰਸਪੈਕਟਰ ਪ੍ਰਥਮ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਅੰਮ੍ਰਿਤਪਾਲ ਸਿੰਘ ਲਈ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ, ਉਦੋਂ ਤੋਂ ਸਰਹੱਦ 'ਤੇ ਚੌਕਸੀ ਵਧਾ ਦਿੱਤੀ ਗਈ ਹੈ। ਜਵਾਨ ਅਲਰਟ ਮੋਡ 'ਤੇ ਹਨ। ਨੇਪਾਲ ਜਾਣ ਵਾਲੇ ਸਾਰੇ ਲੋਕਾਂ ਅਤੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਲੋਕਾਂ ਨੂੰ ਚੈਕਿੰਗ ਕਰਨ ਤੋਂ ਬਾਅਦ ਹੀ ਨੇਪਾਲ ਜਾਣ ਦਿੱਤਾ ਜਾ ਰਿਹਾ ਹੈ।