ਵਿਸ਼ਵ ਟੀਬੀ ਦਿਵਸ: ਲੋਕ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਟੀ.ਬੀ ਦਾ ਮੁਫ਼ਤ ਇਲਾਜ ਕਰਵਾ ਸਕਦੇ ਹਨ

ਏਜੰਸੀ

ਖ਼ਬਰਾਂ, ਪੰਜਾਬ

- ਟੀ.ਬੀ. ਦੀ ਬਿਮਾਰੀ ਇਲਾਜਯੋਗ ਹੈ ; ਜਾਗਰੂਕਤਾ ਅਤੇ ਲੋਕਾਂ ਦੀ ਭਾਗੀਦਾਰੀ ਨਾਲ ਪਾਈ ਜਾ ਸਕਦੀ ਹੈ ਇਸ ਨਾਮੁਰਾਦ ਬਿਮਾਰੀ ਨੂੰ ਠੱਲ੍ਹ : ਡਾ ਬਲਬੀਰ ਸਿੰਘ

World TB Day: People can get free TB treatment in government hospitals of Punjab

 

ਚੰਡੀਗੜ੍ਹ : ਪੰਜਾਬ ਨੂੰ ਸਿਹਤ ਪੱਖੋਂ ਮੋਹਰੀ ਸੂਬਾ ਬਣਾਉਣ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ’ਤੇ ਅਮਲ ਕਰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਵਿਸ਼ਵ ਤਪਦਿਕ (ਟੀ.ਬੀ.) ਦਿਵਸ ਮੌਕੇ ਪੰਜਾਬ ਨੂੰ 2025 ਦੇ ਅੰਤ ਤੱਕ ਟੀਬੀ ਮੁਕਤ ਸੂਬਾ ਬਣਾਉਣ ਦਾ ਸੁਨੇਹਾ ਦਿੱਤਾ।
ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਡਾ: ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਭਰ ’ਚ ਸਮੇਂ-ਸਮੇਂ ’ਤੇ ਕਈ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ।  ਉਨ੍ਹਾਂ ਕਿਹਾ ਕਿ ਭਾਵੇਂ ਟੀ.ਬੀ ਇੱਕ ਲਾਗ (ਛੂਤ) ਦੀ ਬਿਮਾਰੀ ਹੈ , ਪਰ ਜੇਕਰ ਸਮੇਂ ਸਿਰ ਇਸ ਦਾ ਪਤਾ ਲੱਗ ਜਾਵੇ ਅਤੇ ਇਲਾਜ ਕੀਤਾ ਜਾਵੇ ਤਾਂ ਇਹ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਇਹ ਵੱਡਾ ਤੇ ਆਮ ਭੁਲੇਖਾ ਹੈ ਕਿ ਟੀਬੀ ਮੌਤ ਦਾ ਕਾਰਨ ਬਣਦੀ ਹੈ, ਪਰ ਅਸਲ ਵਿੱਚ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਜਾਂਚ ਅਤੇ ਇਲਾਜ ਨਾਲ ਬਿਮਾਰੀ ਦੇ ਅੱਗੇ ਫੈਲਣ ਤੋਂ ਰੁਕ ਜਾਂਦੀ ਹੈ।

ਟੀਬੀ ਨੂੰ ਖਤਮ ਕਰਨ ਲਈ ਸਮੂਹਿਕ ਕਾਰਵਾਈ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਡਾ: ਬਲਬੀਰ ਸਿੰਘ ਨੇ ਇਸ ਸਾਲ ਟੀ.ਬੀ ਦਿਵਸ ਦੀ ਥੀਮ ‘ ਯੈਸ  ਵੀ ਕੈਨ ਐਂਡ ਟੀਬੀ ’ , ਹੈ ਜੋ ਟੀਬੀ ਨੂੰ ਖਤਮ ਕਰਨ ਲਈ ਸਾਡੇ ਸਮੂਹਿਕ ਯਤਨਾਂ ਨੂੰ ਦਰਸਾਉਂਦਾ ਹੈ। ਇੱਕ ਜਨ ਅੰਦੋਲਨ ਦੀ ਲੋੜ ਹੈ, ਜਿਸ ਵਿੱਚ ਸਰਕਾਰ ਦੇ ਨਾਲ-ਨਾਲ ਆਮ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ।

ਟੀ.ਬੀ ਦੇ ਖਾਤਮੇ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵਿਸਥਾਰ ਨਾਲ ਦੱਸਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਅੱਠ ਜ਼ਿਲਿ੍ਹਆਂ ਨੂੰ ਕੇਂਦਰ ਸਰਕਾਰ ਵੱਲੋਂ ਨਵੇਂ ਕੇਸਾਂ ਦਾ ਭਾਰ 20 ਫੀਸਦੀ ਤੋਂ ਵੱਧ ਘਟਾਉਣ ਲਈ ਬਰਾਂਜ਼ ਸਰਟੀਫੀਕੇਸ਼ਨ’ ਨਾਲ ਸਨਮਾਨਿਤ ਕੀਤਾ ਗਿਆ ਹੈ। ਡਾ: ਬਲਬੀਰ ਸਿੰਘ ਨੇ ਅੱਗੇ ਦੱਸਿਆ ਕਿ ਰਾਸ਼ਟਰੀ ਟੀਬੀ ਖਾਤਮਾ ਪ੍ਰੋਗਰਾਮ ਤਹਿਤ ਸਾਲ 2025 ਤੱਕ ਪੰਜਾਬ ਵਿੱਚੋਂ ਟੀ.ਬੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ।

‘ਵਿਸ਼ਵ ਟੀਬੀ ਦਿਵਸ’  ਮੌਕੇ ਡਾਇਰੈਕਟਰ ਸਿਹਤ ਪੰਜਾਬ ਦੇ ਦਫ਼ਤਰ ਵਿਖੇ ਇੱਕ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਇਆ  ਗਿਆ, ਜਿਸ ਵਿੱਚ ਸਕੱਤਰ ਸਿਹਤ-ਕਮ- ਐਮ.ਡੀ. ਨੈਸ਼ਨਲ ਹੈਲਥ ਮਿਸ਼ਨ ਡਾ: ਅਭਿਨਵ ਤ੍ਰਿਖਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਡਾ: ਅਮਰਜੀਤ ਕੌਰ ਸੀਨੀਅਰ ਖੇਤਰੀ ਡਾਇਰੈਕਟਰ ਐੱਚ.ਐੱਫ.ਡਬਲਿਊ ਚੰਡੀਗੜ੍ਹ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਬੋਲਦਿਆਂ ਡਾ: ਤ੍ਰਿਖਾ ਨੇ ਇਸ ਬਿਮਾਰੀ ਸਬੰਧੀ ਸਮਾਜ ਵਿੱਚ ਫੈਲੀ ਦਹਿਸ਼ਤ ਨੂੰ ਖਤਮ ਕਰਨ ਦਾ ਸੱਦਾ ਦਿੱਤਾ ਅਤੇ ਸਾਰਿਆਂ ਨੂੰ ਟੀ.ਬੀ ਦੇ ਮਰੀਜ਼ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਾ ਕਰਨ ਦਾ ਸੱਦਾ ਦਿੱਤਾ।

ਸਮਾਗਮ ਦੌਰਾਨ ਡਾ: ਰਵਿੰਦਰਪਾਲ ਕੌਰ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਨੇ ਸਾਰਿਆਂ ਨੂੰ ਟੀ.ਬੀ ਦੇ ਖਾਤਮੇ ਲਈ ਕਿਸੇ ਵੀ ਪੱਧਰ ’ਤੇ ਯੋਗਦਾਨ ਪਾਉਣ ਦਾ ਅਹਿਦ ਲੈਣ ਦੀ ਅਪੀਲ ਕੀਤੀ । ਉਨ੍ਹਾਂ ਇਸ ਮੌਕੇ ਕਰਵਾਏ ਗਏ ਕੁਇਜ਼ ਅਤੇ ਸਲੋਗਨ ਲੇਖਣ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ।

ਟੀਬੀ ਚੈਂਪੀਅਨ ਵਰਿੰਦਰ ਕੁਮਾਰ, ਜੋ ਪਹਿਲਾਂ ਹੀ ਟੀਬੀ ਤੋਂ ਠੀਕ ਹੋ ਚੁੱਕਾ ਹੈ ਅਤੇ ਹੁਣ ਟੀਬੀ ਦੇ ਖਾਤਮੇ ਲਈ ਵਿਭਾਗ ਨਾਲ ਕੰਮ ਕਰ ਰਿਹਾ ਹੈ, ਨੇ ਆਪਣੇ ਵਿਚਾਰ ਸਾਂਝੇ ਕੀਤੇ ਕਿ ਕਿਵੇਂ ਉਸਨੇ ਛੇ ਮਹੀਨਿਆਂ ਵਿੱਚ ਸਰਕਾਰੀ ਮੁਫਤ ਇਲਾਜ ਨਾਲ ਟੀ.ਬੀ ਨੂੰ ਹਰਾਇਆ ਅਤੇ ਉਹ ਹੁਣ ਪੂਰੀ ਤਰ੍ਹਾਂ ਤੰਦਰੁਸਤ ਹੈ। ਮੰਤਰੀ ਨੇ ਕਮਿਊਨਿਟੀ, ਸਿਵਲ ਸੁਸਾਇਟੀ ਸੰਸਥਾਵਾਂ, ਸਿਹਤ ਸੰਭਾਲ ਕਰਮੀਆਂ ਅਤੇ ਰਾਜ ਭਾਗੀਦਾਰਾਂ ਨੂੰ “ਟੀਬੀ ਹਾਰੇਗਾ, ਦੇਸ਼ ਜੀਤੇਗਾ”ਦੇ ਬੈਨਰ ਹੇਠ ਇੱਕਜੁੱਟ ਹੋਣ ਅਤੇ 2025 ਤੱਕ ਟੀਬੀ ਦੇ ਖਾਤਮੇ ਲਈ ਅੱਗੇ ਆਉਣ ਦੀ ਅਪੀਲ ਕੀਤੀ।