ਪੇਂਡੂ ਖੇਤਰ ਵਿੱਚ ਲਾਲ ਡੋਰੇ ਅੰਦਰ ਆਉਣ ਵਾਲੇ ਪਲਾਟ ਦੇ ਕਬਜ਼ਾ ਧਾਰਕਾਂ ਨੂੰ ਮਾਲਕਾਨਾ ਹੱਕ ਦੇਣ ਦੀ ਕਵਾਇਦ ਜਾਰੀ: ਮੁੰਡੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਵਾਮਿਤਵਾ ਸਕੀਮ ਅਗਲੇ ਸਾਲ ਤੱਕ ਮੁਕੰਮਲ ਹੋਵੇਗੀ

Exercise to grant ownership rights to the occupants of plots falling within the red line in rural areas continues

ਚੰਡੀਗੜ੍ਹ: ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਪੰਜਾਬ ਦੇ ਪੇਂਡੂ ਖੇਤਰ ਵਿੱਚ ਲਾਲ ਡੋਰੇ ਜਾਂ ਲਾਲ ਲਕੀਰ ਦੇ ਅੰਦਰ ਆਉਣ ਵਾਲੇ ਪਲਾਟ ਦੇ ਕਬਜ਼ਾ ਧਾਰਕਾਂ ਨੂੰ ਮਾਲਕਾਨਾ ਹੱਕ ਦੇਣ ਲਈ ਸੂਬੇ ਵਿੱਚ ‘ਮੇਰਾ ਘਰ ਮੇਰੇ ਨਾਮ’ (ਸਵਾਮਿਤਵਾ) ਸਕੀਮ ਲਾਗੂ ਕੀਤੀ ਜਾ ਰਹੀ ਹੈ। ਇਹ ਸਕੀਮ ਅਗਲੇ ਸਾਲ ਤੱਕ ਮੁਕੰਮਲ ਹੋਵੇਗੀ।

ਸ. ਮੁੰਡੀਆਂ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਅਮਰਗੜ੍ਹ ਤੋਂ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਕੀਤੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਵਾਮਿਤਵਾ ਇਕ ਕੇਂਦਰੀ ਸਕੀਮ ਹੈ ਜਿਸ ਦਾ ਉਦੇਸ਼ ਪਿੰਡਾਂ ਦੇ ਲਾਲ ਲਕੀਰ ਦੇ ਅੰਦਰ ਆਉਣ ਵਾਲੀਆਂ ਜਾਇਦਾਦਾਂ ਦੇ ਅਧਿਕਾਰ ਉਨ੍ਹਾਂ ਦੇ ਮਾਲਕਾਂ ਨੂੰ ਪ੍ਰਦਾਨ ਕਰਨਾ ਹੈ।

ਮਾਲ ਤੇ ਮੁੜ ਵਸੇਬਾ ਮੰਤਰੀ ਨੇ ਕਿਹਾ ਕਿ ਇਸ ਸਕੀਮ ਦਾ ਉਦੇਸ਼ ਪਿੰਡਾਂ ਦੇ ਆਬਾਦੀ ਦੇਹ ਖੇਤਰ ਦੇ ਕੰਪਿਊਟਰਾਈਜ਼ਡ ਰਿਕਾਰਡ ਆਫ਼ ਰਾਈਟ ਬਣਾਉਣਾ ਅਤੇ ਜੀ.ਆਈ.ਐਸ. ਨਕਸ਼ੇ ਬਣਾਉਣਾ ਹੈ। ਇਸ ਮੰਤਵ ਲਈ ਸਾਲ 2021 ਵਿੱਚ ਪੰਜਾਬ ਆਬਾਦੀ ਦੇਹ (ਰਿਕਾਰਡ ਆਫ਼ ਰਾਈਟ) ਐਕਟ ਅਤੇ ਨਿਯਮ ਲਾਗੂ ਕੀਤਾ ਗਿਆ ਹੈ ਜੋ ਇਸ ਸਕੀਮ ਦੇ ਤਹਿਤ ਤਿਆਰ ਕੀਤੇ ਗਏ ਅਧਿਕਾਰ ਦੇ ਰਿਕਾਰਡ ਨੂੰ ਕਾਨੂੰਨੀ ਮਾਨਤਾ ਪ੍ਰਦਾਨ ਕਰਦਾ ਹੈ। ਜੀ.ਆਈ.ਐਸ. ਨਕਸ਼ੇ ਸਰਵੇ ਆਫ਼ ਇੰਡੀਆ ਵੱਲੋਂ ਡਰੋਨ ਤਕਾਨਲੋਜੀ ਦੀ ਵਰਤੋਂ ਰਾਹੀਂ ਤਿਆਰ ਕੀਤੇ ਜਾਂਦੇ ਹਨ। ਇਸ ਸਬੰਧੀ ਇਕ ਸਾਫਟਵੇਅਰ/ਪੋਰਟਲ ਵਿਕਸਤ ਕੀਤਾ ਹੈ।