ਤਰਨ ਤਾਰਨ : ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਬੁੱਘੇ ਵਿਖੇ ਆਪਸੀ ਲੜਾਈ ’ਚ ਇਕ ਨੌਜਵਾਨ ਦੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿਤਾ ਗਿਆ, ਜਦਕਿ ਦੋ ਨੌਜਵਾਨਾਂ ਨੂੰ ਜ਼ਖਮੀ ਹਾਲਤ ’ਚ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਰੈਫ਼ਰ ਕਰ ਦਿਤਾ ਗਿਆ ਹੈ। ਤਿੰਨਾਂ ਨੌਜਵਾਨਾਂ ਦੀ ਉਮਰ ਕਰੀਬ 15 ਤੋਂ 18 ਸਾਲ ਹੈ, ਮ੍ਰਿਤਕ ਦੇਹ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਰੱਖਿਆ ਗਿਆ ਹੈ ਜਿਸ ਦਾ ਸਵਰੇ ਪੋਸਟ ਮਾਰਟਮ ਕੀਤਾ ਜਾਵੇਗਾ।
ਮੌਕੇ ’ਤੇ ਪੁੱਜੇ ਥਾਣਾ ਸਦਰ ਦੇ ਐੱਸ.ਐਚ.ਓ. ਕਸ਼ਮੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਜ਼ਖ਼ਮੀਆਂ ਦੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਮ੍ਰਿਤਕ ਜਸ਼ਨ ਦੀਪ ਸਿੰਘ (18) ਦੇ ਭਰਾ ਨੇ ਦਸਿਆ ਕਿ ਉਸ ਦਾ ਭਰਾ ਪਿੰਡ ਬੁੱਘੇ ਵਿੱਚ ਜਦੋਂ ਘਰ ਬਾਹਰ ਆਇਆ ਤਾਂ ਪਿੰਡ ਜੌੜੇ ਦੇ ਕੁੱਝ ਅਣਪਛਾਤੇ ਨੌਜਵਾਨ ਨੇ ਰਾਤ 8 ਵਜੇ ਦੇ ਕਰੀਬ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿਤਾ ਜਿਸ ’ਚ ਉਸ ਦੇ ਭਰਾ ਦੀ ਮੌਤ ਹੋ ਗਈ। ਹਮਲਾਵਰ ਫ਼ਰਾਰ ਹੋ ਗਏ।
ਜ਼ਖਮੀ ਨੌਜਵਾਨ ਦੇ ਪਿਤਾ ਨੇ ਦਸਿਆ ਕਿ ਉਨ੍ਹਾਂ ਨੂੰ ਅਪਣੇ ਪੁੱਤਰ ਦੀ ਲੜਾਈ ਹੋਣ ਦਾ ਪਤਾ ਲੱਗਾ ਜਿਸ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ’ਚ ਰੈਫ਼ਰ ਕਰ ਦਿੱਤਾ ਗਿਆ ਹੈ।