ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼, ਟਰੱਕ ਚੋਰੀ ਕਰਨ ਵਾਲੇ 6 ਮੈਂਬਰ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁਧ ਵਿਢੀ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਸਿਟੀ ਪੁਲਿਸ ਗੁਰਦਾਸਪੁਰ...

ARREST

ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁਧ ਵਿਢੀ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਸਿਟੀ ਪੁਲਿਸ ਗੁਰਦਾਸਪੁਰ ਤੇ ਸੀ. ਆਈ. ਏ. ਸਟਾਫ ਗੁਰਦਾਸਪੁਰ ਨੇ ਟਰੱਕ ਚੋਰੀ ਕਰਕੇ ਵੇਚਣ ਵਾਲੇ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕਰ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆਂ ਕੋਲੋਂ ਚੋਰੀ ਦੇ 3 ਟਰੱਕ ਬਰਾਮਦ ਕੀਤੇ ਗਏ ਹਨ ਜਦਕਿ ਇਹ ਗਿਰੋਹ 25 ਤੋਂ ਜ਼ਿਆਦਾ ਟਰੱਕ ਚੋਰੀ ਕਰ ਵੇਚ ਚੁੱਕਾ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਐਸ.ਪੀ. ਹਰਚਰਨ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਲੋਕ ਪੰਜਾਬ ਸਮੇਤ ਹੋਰ ਵੱਖ-ਵੱਖ ਸੂਬੇ ਦੇ ਖੇਤਰਾਂ 'ਚੋਂ ਟਰੱਕ ਚੋਰੀ ਕਰਕੇ ਪੰਜਾਬ ਲਿਆ ਕੇ ਉਨ੍ਹਾਂ ਨੂੰ ਵੇਚਦੇ ਹਨ। ਇਹ ਟਰੱਕ ਚੋਰ ਜ਼ਿਆਦਾਤਰ ਟਰੱਕ ਕਬਾੜੀਆਂ ਨੂੰ ਵੇਚਦੇ ਸਨ ਜੋ ਟਰੱਕ ਖਰੀਦ ਉਨ੍ਹਾਂ ਨੂੰ ਤੋੜ ਕੇ ਅੱਗੇ ਵੇਚ ਦਿੰਦੇ ਸਨ।

ਇਸ ਸਬੰਧੀ ਇਕ ਵਿਸ਼ੇਸ਼ ਟੀਮ ਗਠਿਤ ਕਰ ਇਕ ਦੋਸ਼ੀ ਨੂੰ ਚੋਰੀ ਦੇ ਟਰੱਕ ਸਮੇਤ ਕਾਬੂ ਕੀਤਾ ਗਿਆ। ਉਸ ਦੋਸ਼ੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਛਗਿਛ ਦੌਰਾਨ ਪਤਾ ਲੱਗਾ ਕਿ ਇਹ ਇਕ ਬਹੁਤ ਵੱਡਾ ਗਿਰੋਹ ਹੈ ਜੋ ਲੰਬੇ ਸਮੇਂ ਤੋਂ ਪੰਜਾਬ ਸਮੇਤ ਹੋਰ ਕਈ ਖੇਤਰਾਂ 'ਚੋਂ ਟਰੱਕ ਚੋਰੀ ਕਰਕੇ ਅੱਗੇ ਵੇਚਦੇ ਹਨ। ਪੁਛਗਿਛ ਦੇ ਆਧਾਰ 'ਤੇ ਹੁਣ ਤਕ ਪੁਲਿਸ ਨੇ ਜਿਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਉਨ੍ਹਾਂ 'ਚ ਗੁਰਬਚਨ ਸਿੰਘ ਪੁੱਤਰ ਪਰਗਟ ਸਿੰਘ, ਧਰਮਿੰਦਰ ਸਿੰਘ ਪੁੱਤਰ ਭਜਨ ਸਿੰਘ, ਗੁਰਜੰਟ ਸਿੰਘ ਪੁੱਤਰ ਮਲਕੀਤ ਸਿੰਘ ਸਾਰੇ ਨਿਵਾਸੀ ਸਰਹਾਲੀ ਜ਼ਿਲਾ ਤਰਨਤਾਰਨ, ਜਗਤਾਰ ਸਿੰਘ ਪੁੱਤਰ ਅਜੀਤ ਸਿੰਘ ਨਿਵਾਸੀ ਪਿੰਡ ਸੰਘਾ ਜ਼ਿਲਾ ਤਰਨਤਾਰਨ, ਸੁੱਚਾ ਸਿੰਘ ਪੁੱਤਰ ਨਜੀਰ ਮਸੀਹ ਨਿਵਾਸੀ ਪਿੰਡ ਤਲਵੰਡੀ ਵਿਰਕ ਜ਼ਿਲ੍ਹਾਂ ਗੁਰਦਾਸਪੁਰ ਤੇ ਮਲਕੀਤ ਸਿੰਘ ਪੁੱਤਰ ਮਹਿੰਦਰ ਸਿੰਘ ਨਿਵਾਸੀ ਸਰਨਾ ਜ਼ਿਲਾ ਪਠਾਨਕੋਟ ਸ਼ਾਮਲ ਹਨ। ਇਸ ਗਿਰੋਹ ਨੂੰ ਅਦਾਲਤ 'ਚ ਪੇਸ਼ ਕਰ ਮੁਲਜ਼ਮਾਂ ਤੋਂ ਪੁਛਗਿਛ ਕੀਤੀ ਜਾਵੇਗੀ।