ਸੌਦਾ ਸਾਧ ਵਿਰੁਧ ਪੱਤਰਕਾਰ ਅਤੇ ਡਰਾਈਵਰ ਦੀ ਹਤਿਆ ਦਾ ਮਾਮਲਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਾਈ ਕੋਰਟ ਵਲੋਂ ਖੱਟਾ ਸਿੰਘ ਦੀ ਸੌਦਾ ਸਾਧ ਵਿਰੁਧ ਮੁੜ ਬਿਆਨ ਦੇਣ ਦੀ ਅਰਜ਼ੀ ਪ੍ਰਵਾਨ 

Punjab & Haryana Court

 ਪੰਜਾਬ ਅਤੇ  ਹਰਿਆਣਾ ਹਾਈ ਕੋਰਟ ਨੇ ਸਾਧਵੀ ਜਿਨਸੀ ਸੋਸ਼ਣ ਦੇ ਦੋਸ਼ਾਂ ਤਹਿਤ ਸਜ਼ਾ ਯਾਫ਼ਤਾ ਸਿਰਸਾ ਸਥਿਤ ਸੌਦਾ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ  ਦੇ ਡਰਾਈਵਰ ਰਹਿ ਚੁਕੇ ਖੱਟਾ ਸਿੰਘ  ਦੀ ਉਸ ਅਰਜ਼ੀ ਨੂੰ ਪ੍ਰਵਾਨ  ਕਰ ਲਿਆ ਹੈ  ਜਿਸ ਵਿਚ ਉਨ੍ਹਾਂ ਨੇ ਪੱਤਰਕਾਰ ਰਾਮ ਚੰਦਰ ਛਤਰਪਤੀ ਅਤੇ ਸਾਧ  ਦੇ ਇਕ ਹੋਰ ਸਾਬਕਾ ਡਰਾਈਵਰ ਰਣਜੀਤ ਸਿੰਘ ਦੀ ਹਤਿਆ ਦੇ ਮਾਮਲਿਆਂ ਵਿਚ ਸੌਦਾ ਸਾਧ ਵਿਰੁਧ ਮੁੜ ਗਵਾਹੀ ਦੇਣ ਦੀ ਇਜਾਜ਼ਤ ਮੰਗੀ ਸੀ।  ਦਸਣਯੋਗ ਹੈ ਕਿ  ਸੀਬੀਆਈ ਦੀ ਪੰਚਕੁਲਾ ਵਿਸ਼ੇਸ਼ ਅਦਾਲਤ ਨੇ ਖੱਟਾ ਸਿੰਘ  ਦੁਆਰਾ ਕੀਤੀ  ਇਸੇ ਤਰ੍ਹਾ ਦੀ ਮੰਗ ਨੂੰ ਖ਼ਾਰਜ ਕਰ ਦਿਤਾ ਸੀ ਜਿਸ ਮਗਰੋਂ ਖੱਟਾ ਸਿੰਘ ਨੇ ਐਡਵੋਕੇਟ ਨਵਕਿਰਨ ਸਿੰਘ ਰਾਹੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕੀਤਾ। ਹਾਈ ਕੋਰਟ ਦੁਆਰਾ ਸੋਮਵਾਰ ਨੂੰ ਲਏ ਗਏ ਫ਼ੈਸਲੇ ਤੋਂ ਬਾਅਦ ਸੀਬੀਆਈ ਅਦਾਲਤ  ਪੰਚਕੂਲਾ ਵਿਚ ਸੌਦਾ ਸਾਧ ਵਿਰੁਧ ਚਲ ਰਹੇ ਇਨ੍ਹਾਂ ਦੋਵਾਂ ਕੇਸਾਂ ਵਿਚ ਹੁਣ ਖੱਟਾ ਸਿੰਘ  ਗਵਾਹੀ ਦੇ ਸਕਣਗੇ ਜਿਸ ਕਾਰਨ ਹੁਣ ਇਸ ਪੂਰੇ ਕੇਸ ਵਿਚ ਇਕ ਵੱਡਾ ਮੋੜ ਆਉਣ ਦੇ ਕਿਆਸੇ ਲਗਾਏ ਜਾ ਰਹੇ ਹਨ । 

ਖੱਟਾ ਸਿੰਘ ਨੇ ਅਪਣੇ ਵਕੀਲ ਨਵਕਿਰਨ ਸਿੰਘ ਰਾਹੀਂ ਦਿਤੀ ਇਸ  ਅਰਜ਼ੀ ਵਿਚ ਕਿਹਾ ਹੈ ਕਿ ਗੁਜਰਾਤ ਦੰਗਿਆਂ ਦੇ ਮਾਮਲੇ ਵਿਚ ਅਦਾਲਤ  ਨੇ ਅਜਿਹੇ ਗਵਾਹਾਂ ਨੂੰ ਮੌਕਾ ਦਿਤਾ ਸੀ ਜੋ ਕਿਸੇ ਡਰ-ਭੈਅ ਕਾਰਨ ਅਪਣੇ ਬਿਆਨ ਦਰਜ ਨਹੀਂ ਕਰਵਾ ਸਕੇ ਸਨ। ਇਸ ਤਰਜ਼ ਉਤੇ ਉਨ੍ਹਾਂ ਨੂੰ ਵੀ ਬਿਆਨ ਦਰਜ ਕਰਵਾਉਣ ਦੀ ਆਗਿਆ ਦਿਤੀ ਜਾਵੇ ਅਤੇ ਸੀਬੀਆਈ ਅਦਾਲਤ ਵਲੋਂ ਉਨ੍ਹਾਂ ਦੀ ਉਕਤ ਅਰਜ਼ੀ ਨੂੰ ਰੱਦ ਕੀਤੇ ਜਾਣ  ਦੇ ਫ਼ੈਸਲੇ ਨੂੰ ਖ਼ਾਰਜ ਕੀਤਾ ਜਾਵੇ । ਇਸ ਅਰਜ਼ੀ 'ਤੇ ਸੀਬੀਆਈ ਵਲੋਂ ਜਵਾਬ ਵੀ ਪੇਸ਼ ਕੀਤਾ ਗਿਆ ਸੀ । ਖੱਟਾ ਸਿੰਘ  ਨੇ ਅਰਜ਼ੀ ਵਿਚ ਕਿਹਾ ਕਿ ਉਹ ਰਣਜੀਤ ਸਿੰਘ ਅਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੀ ਹਤਿਆਕਾਂਡ ਦੀਆਂ ਘਟਨਾਵਾਂ ਦੌਰਾਨ ਡੇਰੇ ਵਿਚ ਮੌਜੂਦ ਸੀ। ਇਸ ਦੌਰਾਨ ਜਿਹੜੀਆਂ ਵੀ ਘਟਨਾਵਾਂ ਨੂੰ ਅੰਜਾਮ ਦਿਤਾ ਗਿਆ ਸੀ ਅਤੇ ਉਦੋਂ ਉਨ੍ਹਾਂ ਨੇ ਆਪਣੇ ਬਿਆਨ ਵੀ ਦਰਜ ਕਰਵਾਏ ਸਨ। ਪਰ  ਬਾਅਦ ਵਿਚ ਡਰ ਅਤੇ ਦਬਾਅ ਦੀ ਵਜ੍ਹਾ ਨਾਲ  ਉਨ੍ਹਾਂ ਨੂੰ ਬਿਆਨ ਬਦਲਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਡੇਰਾ ਸਿਰਸਾ  ਬਹੁਤ ਸ਼ਕਤੀਸ਼ਾਲੀ ਸੀ ਅਤੇ ਅੰਨ੍ਹੇ ਭਗਤ ਕੁੱਝ ਵੀ ਕਰ ਗੁਜਰਨ  ਨੂੰ ਤਿਆਰ ਸਨ।