ਸਿੱਖ ਜਥੇ ਨਾਲ ਗਿਆ ਅਮਰਜੀਤ ਸਿੰਘ ਪਰਤੇਗਾ ਘਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਦੇ ਨਿਰੰਜਨਪੁਰ ਦਾ ਰਹਿਣ ਵਾਲਾ ਅਮਰਜੀਤ ਸਿੰਘ ਪਾਕਿਸਤਾਨ ਵਿਚ ਅਪਣੇ ਦੋਸਤ ਆਮਿਦ ਰਜ਼ਾਕ ਦੇ ਘਰ ਸ਼ੇਖੂਪੁਰਾ ਵਿਚ ਚਲਾ ਗਿਆ ਸੀ

amarjeet singh

ਅੰਮ੍ਰਿਤਸਰ:ਵਿਸਾਖੀ ਮਨਾਉਣ ਸਿੱਖ ਜਥੇ ਨਾਲ ਗਿਆ ਅੰਮ੍ਰਿਤਸਰ ਦੇ ਨਿਰੰਜਨਪੁਰ ਦਾ ਅਮਰਜੀਤ ਸਿੰਘ ਘਰ ਵਾਪਸ ਪਰਤ ਰਿਹਾ ਹੈ | ਇਸ ਗੱਲ ਦੀ ਪੁਸ਼ਟੀ ਪਾਕਿਸਤਾਨ ਦੇ ਇਕ ਰੇਡੀਓ ਚੈਨਲ ਨੇ ਕੀਤੀ ਹੈ | ਰੇਡੀਓ ਚੈਨਲ ਨੇ ਦਸਿਆ ਕਿ ਅੰਮ੍ਰਿਤਸਰ ਦੇ ਨਿਰੰਜਨਪੁਰ ਦਾ ਰਹਿਣ ਵਾਲਾ ਅਮਰਜੀਤ ਸਿੰਘ ਪਾਕਿਸਤਾਨ ਵਿਚ ਅਪਣੇ ਦੋਸਤ ਆਮਿਦ ਰਜ਼ਾਕ ਦੇ ਘਰ ਸ਼ੇਖੂਪੁਰਾ ਵਿਚ ਚਲਾ ਗਿਆ ਸੀ | ਜਿਥੋਂ ਉਸ ਨੂੰ ਪਾਕਿਸਤਾਨ ਪੁਲਿਸ ਨੇ ਅਪਣੀ ਹਿਰਾਸਤ ਵਿਚ ਲੈ ਲਿਆ ਹੈ ਅਤੇ ਹੁਣ ਉਸਨੂੰ ਭਾਰਤ ਭੇਜ ਦਿਤਾ ਜਾਵੇਗਾ | 

ਜ਼ਿਕਰਯੋਗ ਹੈ ਕਿ ਅਮਰਜੀਤ ਸਿੰਘ 12 ਅਪ੍ਰੈਲ ਨੂੰ ਸਿੱਖ ਜਥੇ ਦੇ ਨਾਲ ਪਾਕਿਸਤਾਨ ਗਿਆ ਸੀ। ਜਿਸ ਤੋਂ ਬਾਅਦ ਉਹ ਨਨਕਾਣਾ ਸਾਹਿਬ ਤੋਂ ਅਚਾਨਕ ਗਾਇਬ ਹੋ ਗਿਆ ਸੀ। ਅਮਰਜੀਤ ਸ਼ੇਖੂਪੁਰਾ ਦੇ ਰਜ਼ਾਕ ਨਾਲ ਫੇਸਬੁੱਕ 'ਤੇ ਦੋਸਤ ਬਣਿਆ ਸੀ | ਸ਼੍ਰੀ ਨਨਕਾਣਾ ਸਾਹਿਬ ਪਹੁੰਚਣ ‘ਤੇ ਅਮਰਜੀਤ ਨੇ ਰਜ਼ਾਕ ਨਾਲ ਸੰਪਰਕ ਕੀਤਾ | ਅਮਰਜੀਤ ਨੇ ਰਿਆਜ਼ ਨੂੰ ਦਸਿਆ ਕਿ ਉਸ ਨੂੰ ਤਿੰਨ ਮਹੀਨੇ ਦਾ ਵੀਜ਼ਾ ਮਿਲਿਆ ਹੈ ਅਤੇ ਉਹ ਕੁੱਝ ਦਿਨ ਸ਼ੇਖੁਪੁਰਾ ‘ਚ ਰਹਿਣਾ ਚਾਹੁੰਦਾ ਹੈ।

ਅਮਰਜੀਤ ਸਿੰਘ ਦੇ ਗਾਇਬ ਹੋ ਜਾਣ ਮਗਰੋਂ ਦੋਹਾਂ ਦੇਸ਼ਾਂ ਦੀਆਂ ਖ਼ੁਫ਼ੀਆ ਏਜੰਸੀਆਂ ਭਾਵੇਂ ਪੂਰੀ ਤਰ੍ਹਾਂ ਸਰਗਰਮ ਹੋ ਗਈਆਂ ਸਨ  | ਉਸ ਦੇ ਗਾਇਬ ਹੋਣ ਦੀ ਸੂਚਨਾ ਨਾਲ ਦੋਹਾਂ ਦੇਸ਼ਾਂ ਦੀਆਂ ਖ਼ੁਫ਼ੀਆ ਏਜੰਸੀਆਂ ਸ਼ੱਕ ਦੇ ਘੇਰੇ ਵਿਚ ਖੜੀਆਂ ਨਜ਼ਰ ਆ ਰਹੀਆਂ ਸਨ |ਰਜ਼ਾਕ ਵਲੋਂ ਪਾਕਿਸਤਾਨੀ ਨਿਊਜ਼ ਚੈਨਲਾਂ ‘ਤੇ ਅਮਰਜੀਤ ਦੇ ਲਾਪਤਾ ਹੋਣ ਦੀਆਂ ਖ਼ਬਰਾਂ ਦੇਖਣ ਤੋਂ ਬਾਅਦ ਉਸ ਨੇ ਇਸ ਗੱਲ ਦੀ ਸੂਚਨਾ ਪੁਲਿਸ ਨੂੰ ਦਿਤੀ। ਸੂਚਨਾ ਮਿਲਣ 'ਤੇ ਪੁਲਿਸ ਨੇ ਅਮਰਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੁਲਿਸ ਉਸ ਨੂੰ ਪਾਕਿਸਤਾਨ ਰੇਂਜਰਸ ਦੇ ਹਵਾਲੇ ਕਰੇਗੀ। ਜਿਸ ਤੋਂ ਬਾਅਦ ਪਾਕਿ ਰੇਂਜਰਸ ਅਮਰਜੀਤ ਨੂੰ ਬੀਐਸਐਫ ਦੇ ਜਵਾਨਾ ਦੇ ਹਵਾਲੇ ਕਰ ਦੇਣਗੇ।