ਬੀ.ਬੀ.ਐਮ.ਬੀ. ਚੇਅਰਮੈਨ ਦਾ ਇਕ ਸਾਲ ਬਿਜਲੀ ਪੈਦਾਵਾਰ ਦਾ ਟੀਚਾ 9360 ਮਿਲੀਅਨ ਯੂਨਿਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਮੌਕੇ ਰੋਜ਼ਾਨਾ ਸਪੋਕਸਮੈਨ ਵਲੋਂ ਕੀਤੀ ਵਿਸ਼ੇਸ਼ ਗੱਲਬਾਤ ਦੌਰਾਨ ਚੇਅਰਮੈਨ ਨੇ ਦਸਿਆ

Generating Electricity

ਪੰਜਾਬ ਤੇ ਹਿਮਾਚਲ 'ਚ ਵਗਦੇ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਪਾਣੀਆਂ ਨੂੰ ਰੋਕ ਕੇ ਬਣਾਏ ਭਾਖੜਾ, ਪੌਂਗ ਅਤੇ ਡੇਹਰ ਦੇ ਵੱਡੇ ਡੈਮਾਂ ਅਤੇ ਜਨਰੇਸ਼ਨ ਪਲਾਂਟਾਂ ਤੋਂ ਬਣਾਈ ਜਾਂਦੀ ਕਰੋੜਾਂ ਯੂਨਿਟ ਬਿਜਲੀ ਨੂੰ ਕੰਟਰੋਲ ਕਰਨ ਵਾਲੇ ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਚੇਅਰਮੈਨ ਡੀ.ਕੇ. ਸ਼ਰਮਾ ਦੀ ਨਿਯੁਕਤੀ ਦਾ ਬੀਤੇ ਕਲ੍ਹ ਇਕ ਸਾਲ ਪੂਰਾ ਹੋ ਗਿਆ।ਇਸ ਮੌਕੇ ਰੋਜ਼ਾਨਾ ਸਪੋਕਸਮੈਨ ਵਲੋਂ ਕੀਤੀ ਵਿਸ਼ੇਸ਼ ਗੱਲਬਾਤ ਦੌਰਾਨ ਚੇਅਰਮੈਨ ਨੇ ਦਸਿਆ ਕਿ ਭਾਖੜਾ ਦੀਆਂ 10 ਮਸ਼ੀਨਾਂ, ਗੰਗੂਵਾਲ ਕੋਟਲਾ ਦੀਆਂ 6, ਡੇਹਰ ਪਾਵਰ ਹਾਊਸ ਤੇ ਪੌਂਗ ਡੈਮ ਦੀਆਂ ਵੀ 6-6 ਵੱਡੀਆਂ ਮਸ਼ੀਨਾਂ ਦੀ ਬਿਜਲੀ ਸਮਰੱਥਾ ਹੁਣ ਵਧਾ ਕੇ 2918.73 ਮੈਗਾਵਾਟ ਕਰ ਦਿਤੀ ਗਈ ਹੈ, ਜੋ ਮੁਲਕ 'ਚ ਇਕੋ ਅਦਾਰੇ ਵਲੋਂ ਪਾਣੀ ਤੋਂ ਬਣਾਈ ਜਾਣ ਵਾਲੀ ਬਿਜਲੀ ਸਮਰੱਥਾ ਪੱਖੋਂ ਸਭ ਤੋਂ ਵੱਧ ਹੈ।

ਉਨ੍ਹਾਂ ਦਸਿਆ ਕਿ ਕੁਲ 28 ਜਨਰੇਟਰਾਂ ਨੂੰ 99.99 ਪ੍ਰਤੀਸ਼ਤ ਸਮੇਂ 'ਤੇ ਚਲਾ ਕੇ ਸਾਲ 2017-18 'ਚ ਮਿੱਥੇ ਟੀਚੇ 9360 ਮਿਲੀਅਨ ਯੂਨਿਟ ਯਾਨੀ 936 ਕਰੋੜ ਯੂਨਿਟ ਬਿਜਲੀ ਤੋਂ 1521 ਮਿਲੀਅਨ ਯੂਨਿਟ ਵਾਧੂ ਬਣਾ ਕੇ ਯਾਨੀ 10,881 ਮਿਲੀਅਨ ਯੂਨਿਟ ਪੈਦਾਵਾਰ ਦਾ ਰੀਕਾਰਡ ਕਾਇਮ ਕੀਤਾ ਹੈ। ਸਿਰਫ਼ ਇਕ ਦਿਨ ਦੀ ਵੱਧ ਤੋਂ ਵੱਧ ਬਿਜਲੀ ਬਣਾਉਣ ਬਾਰੇ ਪੁੱਛੇ ਜਾਣ 'ਤੇ ਡੀ.ਕੇ. ਸ਼ਰਮਾ ਨੇ ਕਿਹਾ ਕਿ 12 ਸਤੰਬਰ 2017 ਨੂੰ 473 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ, ਜੋ ਇਕ ਵੱਡਾ ਮਾਰਕਾ ਹੈ।ਚੇਅਰਮੈਨ ਨੇ ਦਸਿਆ ਕਿ ਪਹਾੜਾਂ 'ਤੇ ਪੈ ਰਹੀ ਗਰਮੀ ਨਾਲ ਪਾਣੀ ਦਾ ਵਹਾਅ ਵੱਧ ਗਿਆ ਹੈ ਅਤੇ ਅੱਜ ਦੇ ਭਾਖੜਾ ਡੈਮ ਦੀ ਗੋਬਿੰਦ ਸਾਗਰ ਦੀ ਝੀਲ ਦਾ ਪੱਧਰ 1541 ਫੁੱਟ ਨੂੰ ਤਸੱਲੀ ਬਖਸ਼ ਦਸਦੇ ਹੋਏ ਸ੍ਰੀ ਸ਼ਰਮਾ ਨੇ ਕਿਹਾ ਕਿ ਇਹ ਪੱਧਰ ਪਿਛਲੇ ਸਾਲ ਦੇ ਪੱਧਰ ਨਾਲੋਂ 4 ਫੁਟ ਵਾਧੂ ਹੈ। ਇਸੇ ਤਰ੍ਹਾਂ ਬਿਆਸ ਦਰਿਆ 'ਤੇ ਬਣੇ ਪੌਂਗ ਡੈਮ ਦਾ ਪਾਣੀ ਪੱਧਰ 1294 ਫੁੱਟ ਵੀ ਠੀਕ ਹੈ। ਉਨ੍ਹਾਂ ਕਿਹਾ ਕਿ ਜੁਲਾਈ-ਅਗੱਸਤ ਦੀ ਬਰਸਾਤ 'ਚ  ਇਹ ਪੱਧਰ ਭਾਖੜਾ ਦਾ 1680 ਫੁਟ ਅਤੇ ਪੌਂਗ ਦਾ 1390 ਫੁਟ ਦੇ ਨੇੜੇ ਪਹੁੰਚ ਜਾਵੇਗਾ।