67 ਲੜਕੀਆਂ ਦੇ ਸਾਂਝੇ ਜਨਮ ਦਿਨ 'ਤੇ ਵਿਸ਼ੇਸ਼ ਬੇਸਹਾਰਾ ਲੜਕੀਆਂ ਲਈ ਸਹਾਰਾ ਬਣਿਆ ਯੂਨੀਕ ਹੋਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਵਾਰ 67 ਲੜਕੀਆਂ ਦਾ ਜਨਮ ਦਿਨ ਸਾਂਝੇ ਤੌਰ 'ਤੇ ਮਨਾਇਆ ਜਾ ਰਿਹਾ ਹੈ। 

Unique Baby Cradle

ਭਾਈ ਘਨੱਈਆ ਜੀ ਚੈਰੀਟੇਬਲ ਟਰੱਸਟ (ਰਜਿ.) ਵਲੋਂ ਚਲਾਏ ਜਾ ਰਹੇ ਯੂਨੀਕ ਹੋਮ ਵਲੋਂ ਬੇਸਹਾਰਾ ਤੇ ਯਤੀਮ ਲੜਕੀਆਂ ਦੀ ਭਲਾਈ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਬੀਬੀ ਪ੍ਰਕਾਸ਼ ਕੌਰ ਸਹਾਇਕ ਪ੍ਰਬੰਧਕ ਦੀ ਨਿਗਰਾਨੀ ਤੇ ਅਗਵਾਈ ਹੇਠ ਚਲਾਏ ਜਾ ਰਹੇ ਇਸ ਹੋਮ ਵਿਖੇ ਹਰ ਸਾਲ 24 ਅਪ੍ਰੈਲ ਨੂੰ ਹੋਮ ਵਿਚ ਰਹਿ ਰਹੀਆਂ ਸਮੂਹ ਲੜਕੀਆਂ ਦਾ ਸਾਂਝੇ ਤੌਰ 'ਤੇ ਜਨਮ ਦਿਨ ਮਨਾਇਆ ਜਾਂਦਾ ਹੈ। ਇਸ ਵਾਰ 67 ਲੜਕੀਆਂ ਦਾ ਜਨਮ ਦਿਨ ਸਾਂਝੇ ਤੌਰ 'ਤੇ ਮਨਾਇਆ ਜਾ ਰਿਹਾ ਹੈ। ਇਸ ਯੂਨੀਕ ਹੋਮ ਦੀ ਸਿਰਜਨਾ 1992 ਵਿਚ ਮਾਡਲ ਹਾਊਸ ਜਲੰਧਰ ਤੋਂ ਕੀਤੀ ਗਈ ਸੀ। ਉਸ ਸਮੇਂ ਇਸ ਹੋਮ ਵਿਚ 12 ਲੜਕੀਆਂ ਸਨ। ਸਾਲ 1995 ਵਿਚ ਟਰੱਸਟ ਵਲੋਂ ਜਲੰਧਰ-ਨਕੋਦਰ ਰੋਡ 'ਤੇ ਪਿੰਡ ਖਾਂਬਰਾ ਨੇੜੇ ਜ਼ਮੀਨ ਖਰੀਦ ਕੇ ਯੂਨੀਕ ਹੋਮ ਦੀ ਨਵੀਂ ਇਮਾਰਤ ਦੀ ਨੀਂਹ ਰੱਖੀ ਗਈ ਸੀ। ਇਸ ਸਮੇਂ ਹੋਮ ਵਿਚ 67 ਲੜਕੀਆਂ ਰਹਿ ਰਹੀਆਂ ਹਨ। ਸਾਰੀਆਂ ਲੜਕੀਆਂ ਦੇ ਰਹਿਣ-ਸਹਿਣ, ਖਾਣ-ਪੀਣ ਤੇ ਪੜ੍ਹਾਈ ਦਾ ਸਾਰਾ ਖਰਚਾ ਯੂਨੀਕ ਹੋਮ ਵਲੋਂ ਹੀ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਲੜਕੀਆਂ ਦੀ ਪੜ੍ਹਾਈ ਨੂੰ ਮੁੱਖ ਰਖਦਿਆਂ ਉਨ੍ਹਾਂ ਲਈ ਸਪੈਸ਼ਲ ਟਿਊਸ਼ਨਾਂ ਲਈ ਟਿਊਟਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਹੋਮ ਦੀ ਇਕ ਲੜਕੀ ਵਲੋਂ ਐਮ.ਏ ਇੰਗਲਿਸ਼ ਅਤੇ ਬੀ.ਐਡ ਕਰ ਕੇ ਉਚੇਰੇ ਪੜ੍ਹਾਈ ਕੀਤੀ ਜਾ ਰਹੀ ਹੈ।

ਵਿਆਹ ਉਪਰੰਤ ਲੜਕੀਆਂ ਬਕਾਇਦਾ ਇਸ ਹੋਮ ਵਿਚ ਅਪਣੇ ਬੱਚਿਆਂ ਤੇ ਸੁਹਰਾ ਪਰਵਾਰ ਨਾਲ ਮਿਲਣ ਆਉਂਦੀਆਂ ਹਨ। ਇਸ ਕਰ ਕੇ ਇਸ ਨੂੰ ਇਕ ਨਾਨੀ ਘਰ ਵੀ ਕਿਹਾ ਜਾਂਦਾ ਹੈ। ਇਸ ਹੋਮ ਦੀਆਂ 4 ਲੜਕੀਆਂ ਅਜਿਹੀਆਂ ਵੀ ਹਨ ਜਿਨ੍ਹਾਂ ਨੇ ਵਿਆਹ ਨਾ ਕਰਵਾ ਕੇ ਅਪਣੇ ਆਪ ਨੂੰ ਇਸ ਹੋਮ ਲਈ ਅਪਣੇ-ਆਪ ਨੂੰ ਸਮਰਪਤ ਕਰਦਿਆਂ ਲੜਕੀਆਂ ਦੀ ਸੇਵਾ-ਸੰਭਾਲ ਲਈ ਪ੍ਰਣ ਕੀਤਾ ਹੈ। ਬੀਬੀ ਪ੍ਰਕਾਸ਼ ਕੌਰ ਵਲੋਂ ਨਿਰਸਵਾਰਥ ਤੇ ਨਿਸ਼ਕਾਮ ਸੇਵਾ ਕਰਦਿਆਂ ਬੱਚੀਆਂ ਨੂੰ ਉਠਾਉਣ, ਸਕੂਲ ਲਈ ਖ਼ੁਦ ਤਿਆਰ ਕਰਨ, ਸਕੂਲ ਭੇਜਣ ਤੋਂ ਲੈ ਕੇ ਸਕੂਲ ਤੋਂ ਵਾਪਸ ਆਉਣ ਅਤੇ ਖ਼ੁਦ ਉਨ੍ਹਾਂ ਵਿਚ ਰਹਿ ਕੇ ਬੱਚੀਆਂ ਦੀ ਮਾਂ ਵਾਂਗ ਦੇਖਭਾਲ ਤੇ ਸੰਭਾਲ ਕੀਤੀ ਜਾਂਦੀ ਹੈ।  ਇਸ ਯੂਨੀਕ ਹੋਮ ਨੂੰ ਚਲਾਉਣ ਲਈ 15 ਮੈਂਬਰੀ ਟਰੱਸਟ ਦਾ ਗਠਨ ਕੀਤਾ ਹੋਇਆ ਹੈ। ਜਿਸ ਵਲੋਂ ਸਰਬ ਸੰਮਤੀ ਨਾਲ ਬੀਬੀ ਪ੍ਰਕਾਸ਼ ਕੌਰ ਨੂੰ ਲੜਕੀਆਂ ਪ੍ਰਤੀ ਉਨ੍ਹਾਂ ਦੀ ਸਮਰਪਤ ਭਾਵਨਾ ਨੂੰ ਵੇਖਦਿਆਂ ਸਾਰੀ ਉਮਰ ਲਈ ਮੈਨੇਜਿੰਗ ਟਰੱਸਟੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਸ੍ਰੀ ਨੋਨਿਹਾਲ ਸਿੰਘ ਚੱਠਾ ਨੂੰ ਵਿੱਤ ਸਕੱਤਰ, ਸ੍ਰੀ ਕਪਿਲ ਤ੍ਰਿਹੇਨ ਨੂੰ ਐਗਜ਼ੈਟਿਵ ਮੈਂਬਰ, ਮੈਡਮ ਨੀਨਾ ਸੰਧੂ ਨੂੰ ਪ੍ਰਧਾਨ, ਸ੍ਰੀ ਸਤਨਾਮ ਸਿੰਘ, ਮੈਡਮ ਅਲਕਾ ਰਾਣੀ, ਮੈਡਮ ਸਿਮਰਜੀਤ ਕੌਰ ਸਿੱਧੂ, ਮੈਡਮ ਹਰਵੀਰ ਕੌਰ ਬਨੂਆਣਾ, ਗੁਰਪ੍ਰੀਤ ਸਿੰਘ, ਮਾਤਾ ਜਸਵੰਤ ਕੌਰ ਸਾਰੇ ਸਹਾਇਕ ਟਰੱਸਟੀ ਵਜੋਂ ਇਸ ਹੋਮ ਨੂੰ ਚਲਾਉਣ ਲਈ ਆਪੋ-ਅਪਣਾ ਬਣਦਾ ਯੋਗਦਾਨ ਪਾ ਰਹੇ ਹਨ।