ਰਾਜਪੁਰਾ 'ਚ 6 ਹੋਰ ਪਾਜ਼ੇਟਿਵ ਕੇਸਾਂ ਦੀ ਹੋਈ ਪੁਸ਼ਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਜਪੁਰਾ 'ਚ 6 ਹੋਰ ਪਾਜ਼ੇਟਿਵ ਕੇਸਾਂ ਦੀ ਹੋਈ ਪੁਸ਼ਟੀ

image
image

ਪਟਿਆਲਾ, 24 ਅਪ੍ਰੈਲ (ਤੇਜਿੰਦਰ ਫ਼ਤਿਹਪੁਰ) : ਰਾਜਪੁਰਾ ਵਿਖੇ 6 ਹੋਰ ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦਸਿਆ ਕਿ ਬੀਤੇ ਦਿਨ ਰਾਜਪੁਰਾ ਅਤੇ ਨੇੜਲੇ ਇਲਾਕਿਆਂ ਵਿਚੋਂ ਕੋਵਿਡ ਪਾਜ਼ੇਟਿਵ ਕੇਸਾਂ ਦੇ ਨੇੜਲੇ ਸੰਪਰਕ ਅਤੇ ਹਾਈ ਰਿਸਕ ਕੇਸਾਂ ਦੇ 58 ਸੈਂਪਲ ਲੈ ਕੇ ਕੋਵਿਡ ਜਾਂਚ ਲਈ ਭੇਜੇ ਗਏ ਸਨ ਜਿਨ੍ਹਾਂ ਵਿਚੋਂ 6 ਕੋਵਿਡ ਪਾਜ਼ੇਟਿਵ ਆਏ ਹਨ ਜੋ ਕਿ ਸਾਰੇ ਰਾਜਪੁਰਾ ਨਾਲ ਸਬੰਧਤ ਹਨ। ਉਨ੍ਹਾਂ ਦਸਿਆ ਕਿ ਪਾਜ਼ੇਟਿਵ ਆਏ ਸਾਰੇ ਕੇਸਾਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫ਼ਟ ਕਰਵਾਇਆ ਜਾ ਰਿਹਾ ਹੇ ਅਤੇ ਨਾਲ ਹੀ ਪਾਜ਼ੇਟਿਵ ਕੇਸਾਂ ਦੇ ਘਰਾਂ ਅਤੇ ਆਲੇ ਦੁਆਲੇ ਦੇ ਘਰਾਂ ਨੂੰ ਸੈਨੇਟਾਈਜ਼ ਕਰਨ ਲਈ ਸੋਡੀਅਮ ਹਾਈਪੋਕਲੋਰਾਈਡ ਦਾ ਛਿੜਕਾਉ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਲੜੀ ਨੂੰ ਤੋੜਨ ਲਈ ਪਾਜ਼ੇਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਅਤੇ ਹਾਈ ਰਿਸਕ ਕੇਸਾਂ ਦੀ ਭਾਲ ਕਰ ਕੇ ਉਨ੍ਹਾਂ ਦੇ ਵੀ ਕੋਰੋਨਾ ਜਾਂਚ ਸਬੰਧੀ ਸੈਂਪਲ ਲਏ ਜਾਣਗੇ ਅਤੇ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਘਰਾਂ ਵਿਚ ਹੀ ਇਕਾਂਤਵਾਸ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਅੱਜ ਰਾਜਪੁਰਾ ਵਿਚੋਂ 12 ਸੈਂਪਲ ਹੋਰ ਲਏ ਗਏ ਹਨ। ਉਨ੍ਹਾਂ ਦਸਿਆ ਕਿ ਜ਼ਿਲ੍ਹੇ ਵਿਚ ਜਿਥੇ ਵੀ ਕੋਈ ਕਰੋਨਾ ਸਬੰਧੀ ਸ਼ੱਕੀ ਮਰੀਜ਼ ਪਾਇਆ ਜ਼ਾਦਾ ਹੈ ਤਾਂ ਉਸ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾ ਰਹੇ ਹਨ। ਰਾਜਪੁਰਾ ਦੇ ਲੋਕਾਂ ਦੀ ਸਕਰੀਨਿੰਗ ਸਬੰਧੀ ਜਾਣਕਾਰੀ ਦਿੰਦੇ ਉੁਨ੍ਹਾਂ ਕਿਹਾ ਕਿ ਸਿਹਤ ਟੀਮਾਂ ਵਲੋਂ ਅੱਜ ਚੌਥੇ ਦਿਨ ਵੀ ਸਰਵੇ ਜਾਰੀ ਰਿਹਾ।


ਰਾਜਪੁਰਾ ਨੂੰ ਬਫ਼ਰ ਖੇਤਰ ਐਲਾਨਿਆ
ਪਟਿਆਲਾ, 24 ਅਪ੍ਰੈਲ (ਤੇਜਿੰਦਰ ਫ਼ਤਿਹਪੁਰ) : ਰਾਜਪੁਰਾ ਵਿਖੇ ਕੋਵਿਡ-19 ਦੇ ਮਿਲੇ ਤਾਜ਼ਾ ਪਾਜ਼ੇਟਿਵ ਮਾਮਲਿਆਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਬੀਤੀ ਰਾਤ ਇਕ ਅਹਿਮ ਫ਼ੈਸਲਾ ਲੈਂਦਿਆਂ ਰਾਜਪੁਰਾ ਨਗਰ ਕੌਂਸਲ ਦੀਆਂ ਹੱਦਾਂ ਅੰਦਰਲੇ ਸ਼ਹਿਰ ਨੂੰ ਅਹਿਤਿਆਤ ਵਜੋਂ ਬਫ਼ਰ ਖੇਤਰ ਐਲਾਨਿਆ ਹੈ। ਮਿਤੀ 15 ਅਪ੍ਰੈਲ 2020 ਨੂੰ ਰਾਜਪੁਰਾ 'ਚ ਪਹਿਲਾ ਕੋਵਿਡ-19 ਦਾ ਪਹਿਲਾ ਕੇਸ ਮਿਲਣ ਮਗਰੋਂ ਅਜਿਹੇ ਮਾਮਲਿਆਂ ਦੀ ਤੇਜ਼ੀ ਨਾਲ ਵਧੀ ਗਿਣਤੀ ਦੇ ਮੱਦੇਨਜ਼ਰ ਖ਼ਤਰੇ ਵਾਲੀ ਸਥਿਤੀ ਨੂੰ ਭਾਪਦਿਆਂ ਸਿਹਤ ਵਿਭਾਗ ਵਲੋਂ ਰਾਜਪੁਰਾ 'ਚ ਕੋਵਿਡ-19 ਪਾਜ਼ੇਟਿਵ ਮਾਮਲਿਆਂ ਦੇ ਅਗਲੇ ਸੰਪਰਕਾਂ ਦਾ ਪਤਾ ਲਗਾਉਣ ਲਈ ਰਾਜਪੁਰਾ ਦੇ ਹਰ ਵਸਨੀਕ ਦੀ ਕੋਰੋਨਾਵਾਇਰਸ ਦੇ ਲੱਛਣਾਂ ਸਬੰਧੀ ਸਕਰੀਨਿੰਗ ਵੀ ਸ਼ੁਰੂ ਕੀਤੀ ਸੀ। ਸੋਧੀ ਹੋਈ ਰੋਗ ਗ੍ਰਸਤ ਇਲਾਕਾ ਨੀਤੀ ਮੁਤਾਬਕ ਰਾਜਪੁਰਾ ਦੇ ਤਿੰਨ ਇਲਾਕਿਆਂ ਨੂੰ ਰੋਗ ਗ੍ਰਸਤ ਖੇਤਰ ਪਹਿਲਾਂ ਹੀ ਐਲਾਨਿਆ ਹੋਇਆ ਹੈ ਪ੍ਰੰਤੂ ਹੁਣ ਜ਼ਿਲ੍ਹਾ ਮੈਜਿਸਟਰੇਟ ਨੇ ਅਹਿਤਿਆਤ ਵਜੋਂ ਰਾਜਪੁਰਾ ਨਗਰ ਕੌਂਸਲ ਦੀਆਂ ਹੱਦਾਂ ਦੇ ਅੰਦਰਲੇ ਪੂਰੇ ਸ਼ਹਿਰ ਨੂੰ ਬਫ਼ਰ ਖੇਤਰ ਐਲਾਨ ਕੇ ਸੀਲ ਕਰਨ ਦੇ ਆਦੇਸ਼ ਦਿਤੇ ਹਨ। ਜ਼ਿਲ੍ਹਾ ਮੈਜਿਸਟਰੇਟ ਦੇ ਇਹ ਹੁਕਮ ਤੁਰਤ ਲਾਗੂ ਹੋ ਗਏ ਹਨ

ਅਤੇ ਅਗਲੇ ਹੁਕਮਾਂ ਤਕ ਰਾਜਪੁਰਾ ਵਿਚੋਂ ਨਾ ਕੋਈ ਵਿਅਕਤੀ ਸ਼ਹਿਰ ਤੋਂ ਬਾਹਰ ਜਾ ਸਕੇਗਾ ਅਤੇ ਨਾ ਹੀ ਕੋਈ ਰਾਜਪੁਰਾ ਦੇ ਅੰਦਰ ਦਾਖ਼ਲ ਹੋ ਸਕੇਗਾ। ਸਥਾਨਕ ਵਸਨੀਕਾਂ ਨੂੰ ਰੋਜ਼ਾਨਾ ਲੋੜੀਂਦੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਐਸ.ਡੀ.ਐਮ. ਰਾਜਪੁਰਾ ਸ੍ਰੀ ਟੀ. ਬੈਨਿਥ ਦੀ ਨਿਗਰਾਨੀ ਹੇਠ ਨਗਰ ਕੌਂਸਲ ਰਾਜਪੁਰਾ ਵਲੋਂ ਮੁਹੱਈਆ ਕਰਵਾਈ ਜਾਵੇਗੀ। ਹੁਕਮਾਂ ਮੁਤਾਬਕ ਰਾਜਪੁਰਾ ਦੀ ਸਬਜ਼ੀ ਮੰਡੀ ਬੰਦ ਰਹੇਗੀ ਪਰੰਤੂ ਪਟਰੌਲ ਪੰਪਾਂ ਸਮੇਤ ਅਨਾਜ ਮੰਡੀ, ਜਿੱਥੇ ਕਿ ਕਣਕ ਦੀ ਖਰੀਦ ਚੱਲ ਰਹੀ ਹੈ, ਖੁਲ੍ਹੀ ਰਹੇਗੀ।image


ਸ੍ਰੀ ਕੁਮਾਰ ਅਮਿਤ ਨੇ ਦਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਧਾਰਾ 144 ਅਤੇ ਕਰਫ਼ਿਊ ਨੂੰ ਸਖ਼ਤੀ ਨਾਲ ਲਾਗੂ ਕਰਵਾਉਣਗੇ। ਵਧੀਕ ਡਿਪਟੀ ਕਮਿਸ਼ਨਰ (ਜ) ਰਾਜਪੁਰਾ ਦੇ ਐਸ.ਡੀ.ਐਮ., ਡੀ.ਐਸ.ਪੀ. ਅਤੇ ਈ.ਓ. ਨਗਰ ਕੌਂਸਲ ਨਾਲ ਤਾਲਮੇਲ ਕਰਦੇ ਹੋਏ ਪੂਰੀ ਸਥਿਤੀ 'ਤੇ ਨਿਗਰਾਨੀ ਰਖਣਗੇ। ਜਦਕਿ ਰਾਜਪੁਰਾ-ਪਟਿਆਲਾ ਦਰਮਿਆਨ ਲੋਕਾਂ ਦੀ ਆਵਾਜਾਈ ਰੋਕਣ ਲਈ ਐਸ.ਡੀ.ਐਮ. ਪਟਿਆਲਾ ਸਬੰਧਤ ਪੁਲਿਸ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸੈਕਟਰ ਮੈਜਿਸਟਰੇਟਾਂ ਦੀ ਤਾਇਨਾਤੀ ਕਰਨਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੰਡੀਗੜ੍ਹ-ਪਟਿਆਲਾ-ਚੰਡੀਗੜ੍ਹ ਐਮਰਜੈਂਸੀ ਸਮੇਂ ਅਤੇ ਆਪਣੀ ਡਿਊਟੀ ਲਈ ਆਉਣ-ਜਾਣ ਵਾਲੇ ਰਾਜਪੁਰਾ ਸ਼ਹਿਰ ਦੇ ਅੰਦਰ ਵਾਲੇ ਰਸਤੇ ਦੀ ਬਜਾਇ ਬਾਈਪਾਸ ਸੜਕ ਦੀ ਵਰਤੋਂ ਕਰਨਗੇ। ਇਸ ਦੇ ਨਾਲ ਹੀ ਸ੍ਰੀ ਕੁਮਾਰ ਅਮਿਤ ਨੇ ਲੋਕਾਂ ਅਤੇ ਖਾਸ ਕਰ ਕੇ ਰਾਜਪੁਰਾ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਸੰਕਟ ਦੇ ਸਮੇਂ ਅਪਣੇ ਘਰਾਂ ਅੰਦਰ ਰਹਿ ਕੇ ਕਰਫ਼ਿਊ ਨਿਯਮਾਂ ਦਾ ਪਾਲਣ ਕਰਨ ਪ੍ਰੰਤੂ ਉਲੰਘਣਾ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ।


g ਸਬਜ਼ੀ ਮੰਡੀ ਸਮੇਤ ਰਾਜਪੁਰਾ ਪੂਰਨ ਤੌਰ 'ਤੇ ਬੰਦ ਰਹੇਗਾ
g ਸਿਰਫ਼ ਜ਼ਰੂਰੀ ਵਸਤਾਂ ਹੀ ਘਰਾਂ ਤਕ ਕਰਵਾਈਆਂ ਜਾਣਗੀਆਂ ਮੁਹੱਈਆ