ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 300 ਨੇੜੇ ਪਹੁੰਚੀ 298 ਕੇਸਾਂ ਦੀ ਪੁਸ਼ਟੀ, ਜਲੰਧਰ ਤੇ ਮੋਹਾਲੀ ਜ਼ਿਲੇ 63-63 ਕੇਸਾਂ ਨਾਲ ਸੱਭ ਤੋਂ ਉਪਰ

Image

ਚੰਡੀਗੜ੍ਹ, 24 ਅਪ੍ਰੈਲ (ਗੁਰਉਪਦੇਸ਼ ਭੁੱਲਰ) : ਪੰਜਾਬ 'ਚ ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ ਭਾਵੇਂ ਕੱਲ੍ਹ 66 ਮਰੀਜ਼ ਠੀਕ ਹੋਣ ਤੋਂ ਬਾਅਦ 9 ਜ਼ਿਲ੍ਹੇ ਕੋਰੋਨਾ ਮੁਕਤ ਕਰਾਰ ਦਿਤੇ ਗਏ ਸਨ ਪਰ ਅੱਜ ਮੁੜ ਕਈ ਜ਼ਿਲ੍ਹਿਆਂ ਵਿਚ ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਸਮੇਂ ਸੂਬੇ 'ਚ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਦੀ ਗਿਣਤੀ 300 ਦੇ ਨੇੜੇ ਪਹੁੰਚ ਚੁੱਕੀ ਹੈ। ਦੇਰ ਸ਼ਾਮ ਤੱਕ ਸਰਕਾਰੀ ਬੁਲਾਰੇ ਵਲੋਂ 298 ਪਾਜ਼ੇਟਿਵ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਅੱਜ ਇਕੋ ਦਿਨ ਦੌਰਾਨ 11 ਨਵੇਂ ਪਾਜ਼ੇਟਿਵ ਮਾਮਲੇ 5 ਜ਼ਿਲ੍ਹਿਆਂ ਵਿਚ ਸਾਹਮਣੇ ਆਏ ਹਨ। ਪਟਿਆਲੇ ਜ਼ਿਲ੍ਹੇ ਦੇ ਰਾਜਪੁਰਾ ਵਿਚ 6, ਮਾਨਯਾ 2, ਲੁਧਿਆਣ, ਅੰਮ੍ਰਿਤਸਰ ਤੇ ਜਲੰਧਰ ਵਿਖੇ 1-1 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਅੱਜ 4 ਮਰੀਜ਼ ਠੀਕ ਵੀ ਹੋਏ ਹਨ। ਹੁਣ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ 70 ਤੱਕ ਪਹੁੰਚ ਗਿਆ ਹੈ ਅਤੇ ਕੁੱਲ 17 ਮੌਤਾਂ ਹੋ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਸੱਭ ਤੋਂ ਵੱਧ ਕੇਸਾਂ ਵਾਲੇ ਜ਼ਿਲ੍ਹਿਆਂ ਵਿਚ ਜਲੰਧਰ ਅਤੇ ਮੋਹਾਲੀ ਵਿਚ 63-63 ਪਾਜ਼ੇਟਿਵ ਕੇਸ ਆ ਚੁੱਕੇ ਹਨ ਅਤੇ 55 ਕੇਸਾਂ ਨਾਲ ਹੁਣ ਪਟਿਆਲਾ ਸੱਭ ਤੋਂ ਵੱਧ ਪਾਜ਼ੇਟਿਵ ਕੇਸਾਂ ਵਾਲੇ ਜ਼ਿਲ੍ਹਿਆਂ ਵਿਚ ਦੂਜੀ ਥਾਂ 'ਤੇ ਆ ਗਿਆ ਹੈ। ਸ਼ੱਕੀ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ ਅਤੇ 2003 ਕੇਸਾਂ ਦੇ ਸੈਂਪਲਾਂ ਦੀ ਰਿਪੋਰਟ ਹਾਲੇ ਆਉਣੀ ਹੈ।



ਜ਼ਿਲ੍ਹਾ ਮੰਡੀ ਅਫ਼ਸਰ ਦੀ ਬੇਟੀ ਦੀ ਰਿਪੋਰਟ ਆਈ ਪਾਜ਼ੇਟਿਵ
ਲੁਧਿਆਣਾ, 24 ਅਪ੍ਰੈਲ (ਪਪ) : ਲੁਧਿਆਣਾ 'ਚ ਸ਼ੁਕਰਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ ਕੇਸ ਦੀ ਪੁਸ਼ਟੀ ਕੀਤੀ ਗਈ ਹੈ। ਬੀਤੇ ਦਿਨੀਂ ਜ਼ਿਲ੍ਹਾ ਮੰਡੀ ਅਫ਼ਸਰ (ਡੀ.ਐਮ.ਓ.) ਦੀ ਪਾਜ਼ੇਟਿਵ ਪਾਈ ਗਈ ਰੀਪੋਰਟ ਤੋਂ ਬਾਅਦ ਅੱਜ ਉਨ੍ਹਾਂ ਦੀ ਬੇਟੀ ਦੀ ਵੀ ਰੀਪੋਰਟ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਇਸ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਡੀ.ਐਮ.ਓ. ਦੀ ਬੇਟੀ ਨੂੰ ਸਿਵਲ ਹਸਪਤਾਲ ਭਰਤੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਸੀ ਕਿ ਡੀ.ਐਮ.ਓ. ਦੀ ਬੇਟੀ ਬੀਤੇ ਕਈ ਦਿਨਾਂ ਤੋਂ ਘਰ 'ਚ ਹੀ ਮੌਜੂਦ ਸੀ ਅਤੇ ਕਿਸੇ ਹੋਰ ਵਿਅਕਤੀ ਦੇ ਸੰਪਰਕ 'ਚ ਨਹੀਂ ਆਈ ਸੀ। ਇਸ ਨਵੇਂ ਕੇਸ ਦੇ ਨਾਲ ਹੀ ਲੁਧਿਆਣਾ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 17 'ਤੇ ਪਹੁੰਚ ਗਈ ਹੈ।



ਗੁਰੂ ਕੀ ਨਗਰੀ ਵਿਚ ਇਕ ਹੋਰ ਮਹਿਲਾ ਹੋਈ ਕੋਰੋਨਾ ਪਾਜ਼ੇਟਿਵ

g ਭਾਈ ਨਿਰਮਲ ਸਿੰਘ ਖ਼ਾਲਸਾ ਦੇ ਰਿਸ਼ਤੇਦਾਰ ਅਤੇ ਸੰਪਰਕ ਵਾਲੇ 4 ਮਰੀਜ਼ਾਂ ਨੇ ਜਿੱਤੀ ਕੋਰੋਨਾ ਵਿਰੁਧ ਜੰਗ

ਅੰਮ੍ਰਿਤਸਰ, 24 ਅਪ੍ਰੈਲ (ਅਰਵਿੰਦਰ ਵੜੈਚ): ਅੰਮ੍ਰਿਤਸਰ ਵਿਚ ਇਕ ਹੋਰ ਪਾਜ਼ੇਟਿਵ ਮਰੀਜ਼ ਆਉਣ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ ਵਧ ਕੇ 14 ਹੋ ਗਈ ਹੈ। ਵੀਰਵਾਰ ਨੂੰ ਬਸੰਤ ਕੁਮਾਰ ਅਤੇ ਸੰਦੀਪ ਕੁਮਾਰ ਦੋਨੋਂ ਪਿਤਾ ਪੁੱਤਰ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਅਤੇ ਇਨ੍ਹਾਂ ਤੋਂ ਇਕ ਦਿਨ ਬਾਅਦ ਹੀ ਸੰਦੀਪ ਕੁਮਾਰ ਦੀ ਪਤਨੀ ਗੋਪਿਕਾ ਵੀ ਸ਼ੁਕਰਵਾਰ ਨੂੰ ਹੋਏ ਟੈਸਟ ਦੌਰਾਨ ਪਾਜ਼ੇਟਿਵ ਪਾਈ ਗਈ।  ਦੂਸਰੇ ਪਾਸੇ ਗੁਰੂ ਨਗਰੀ ਵਿਚ ਕੋਰੋਨਾ ਨੂੰ ਲੈ ਕੇ ਇਕ ਚੰਗੀ ਖ਼ਬਰ ਇਹ ਰਹੀ ਕਿ 3 ਅਪ੍ਰੈਲ ਨੂੰ ਕੋਰੋਨਾ ਦੀ ਬੀਮਾਰੀ ਦੇ ਚਲਦਿਆਂ ਮੌਤ ਦਾ ਸ਼ਿਕਾਰ ਹੋਏ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਚਾਚੀ ਸਮੇਤ ਖ਼ਾਲਸਾ ਜੀ ਦੇ ਸਹਿਯੋਗੀ ਸਾਥੀ ਦੀ ਧਰਮ ਪਤਨੀ, ਪੁੱਤਰ ਅਤੇ ਪੋਤਰਾ ਜੋ ਕਿ ਅਸਕਾਰਟ ਹਸਪਤਾਲ ਵਿਚ ਦਾਖ਼ਲ ਸਨ, ਇਨ੍ਹਾਂ ਚਾਰਾਂ ਦੀ ਰੀਪੋਰਟ ਨੈਗੇਟਿਵ  ਆਉਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ ਹੈ। ਜਦਕਿ ਖ਼ਾਲਸਾ ਜੀ ਦੇ ਸਹਿਯੋਗੀ ਸਾਥੀ ਦਰਸ਼ਨ ਸਿੰਘ ਦੀ ਰੀਪੋਰਟ ਦੁਬਾਰਾ ਪਾਜ਼ੀਟਿਵ ਤੋਂ ਬਾਅਦ ਅਸਕਾਰਟ ਹਸਪਤਾਲ ਵਿਖੇ ਹੀ ਇਲਾਜ ਅਧੀਨ ਹਨ।



ਇਨ੍ਹਾਂ ਤੋਂ ਇਲਾਵਾ 6 ਕੋਰੋਨਾ ਪਾਜ਼ੇਟਿਵ ਮਰੀਜ਼ ਗੁਰੂ ਨਾਨਕ ਦੇਵ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਹਨ।
ਏਐਸਆਰ ਆਰ.ਕੇ. ਸੋਨੀ 24 4
ਕੋਰੋਨਾ ਪਾਜ਼ੀਟਿਵ ਪਾਈ ਗਈ ਮਹਿਲਾ ਹਸਪਤਾਲ ਵਿੱਚ ਦਾਖਿਲ ਹੋਣ ਲਈ ਜਾਂਦੀ ਹੋਈ।  ਫੋਟੋ- ਆਰ.ਕੇ. ਸੋਨੀ।