ਪਠਾਨਕੋਟ ਪੰਜ ਨੂੰ ਸਿਹਤਯਾਬ ਕਰ ਕੇ ਘਰ ਭੇਜਿਆ
ਕਰੀਬ ਦੋ ਦਿਨ ਪਹਿਲਾ ਜ਼ਿਲਾ ਪਠਾਨਕੋਟ ਵਿਚ ਕੋਰੋਨਾ ਪਾਜ਼ੇਟਿਵ ਦੇ 6 ਮਰੀਜ਼ਾਂ ਦੀ ਪਹਿਲੀ ਸੈਂਪਲਿੰਗ ਰੀਪੋਰਟ ਨੈਗੇਟਿਵ ਆਈ ਸੀ ਅਤੇ ਸਿਹਤ ਵਿਭਾਗ ਵਲੋਂ
ਪਠਾਨਕੋਟ, 23 ਅਪ੍ਰੈਲ (ਤੇਜਿੰਦਰ ਸਿੰਘ) : ਕਰੀਬ ਦੋ ਦਿਨ ਪਹਿਲਾ ਜ਼ਿਲਾ ਪਠਾਨਕੋਟ ਵਿਚ ਕੋਰੋਨਾ ਪਾਜ਼ੇਟਿਵ ਦੇ 6 ਮਰੀਜ਼ਾਂ ਦੀ ਪਹਿਲੀ ਸੈਂਪਲਿੰਗ ਰੀਪੋਰਟ ਨੈਗੇਟਿਵ ਆਈ ਸੀ ਅਤੇ ਸਿਹਤ ਵਿਭਾਗ ਵਲੋਂ ਦੂਸਰੇ ਫ਼ੇਜ਼ ਦੀ ਸੈਂਪਲਿੰਗ ਲਈ ਇਨ੍ਹਾਂ ਲੋਕਾਂ ਦੀ ਸੈਂਪਲਿੰਗ ਭੇਜੀ ਗਈ ਸੀ। ਅੱਜ ਉਪਰੋਕਤ 6 ਲੋਕਾਂ ਵਿਚੋਂ 5 ਦੀ ਰੀਪੋਰਟ ਨੈਗੇਟਿਵ ਆਈ ਹੈ ਅਤੇ ਇਕ ਦੀ ਪਾਜ਼ੇਟਿਵ ਆਈ ਹੈ।
ਸਿਹਤ ਵਿਭਾਗ ਵਲੋਂ ਰਾਜ ਰਾਣੀ ਦੇ 5 ਪਰਵਾਰਕ ਮੈਂਬਰਾਂ ਦੀ ਸੈਕੰਡ ਫ਼ੇਜ਼ ਦੀ ਰੀਪੋਰਟ ਨੈਗੇਟਿਵ ਆਉਣ 'ਤੇ ਇਨ੍ਹਾਂ 5 ਲੋਕਾਂ ਨੂੰ ਸਿਵਲ ਹਸਪਤਾਲ ਤੋਂ ਉਨ੍ਹਾਂ ਦੇ ਘਰਾਂ ਲਈ ਰਵਾਨਾ ਕੀਤਾ। ਇਸ ਮੌਕੇ ਸਿਵਲ ਹਸਪਤਾਲ ਦੇ ਸਟਾਫ਼ ਵਲੋਂ ਠੀਕ ਹੋਏ ਲੋਕਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ਤੌਰ 'ਤੇ ਹਾਜ਼ਰ ਸ੍ਰੀ ਅਭਿਜੀਤ ਕਪਲਿਸ਼ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਸਾਰਿਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿਤੀਆਂ ਅਤੇ ਆਈਸੋਲੇਟ ਵਿਚ ਕੰਮ ਕਰ ਰਹੇ ਸਟਾਫ਼ ਦੇ ਕੰਮ ਦੀ ਵੀ ਪ੍ਰਸ਼ੰਸਾ ਕੀਤੀ।
ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਸੁਜਾਨਪੁਰ ਵਿਖੇ ਕੋਰੋਨਾ ਵਾਇਰਸ ਨਾਲ 75 ਸਾਲ ਦੀ ਬਜ਼ੁਰਗ ਮਹਿਲਾ ਰਾਜ ਰਾਣੀ ਕਰੋਨਾ ਪਾਜ਼ੇਟਿਵ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਹਿਲਾ ਦੇ ਪਰਵਾਰਕ ਮੈਂਬਰਾਂ ਦੀ ਸੈਂਪਲਿੰਗ ਕਰਵਾਈ ਗਈ, ਜਿਨ੍ਹਾਂ ਵਿਚੋਂ ਜੋ ਲੋਕ ਕੋਰੋਨਾ ਪਾਜ਼ੇਟਿਵ ਸਨ ਉਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਕੁਆਰੰਟੀਨ ਕਰ ਕੇ ਆਈਸੋਲੇਟ ਕੀਤਾ ਗਿਆ ਸੀ। ਇਨ੍ਹਾਂ ਪਰਵਾਰਕ ਮੈਂਬਰਾਂ ਦਾ ਕੁਆਰੰਟੀਨ ਪੂਰਾ ਹੋਣ ਤੋਂ ਬਾਅਦ ਪਹਿਲੇ ਫ਼ੇਜ਼ ਦੀ ਸੈਂਪਲਿੰਗ ਵਿਚ 6 ਲੋਕਾਂ ਦੀ ਰੀਪੋਰਟ ਨੈਗੇਟਿਵ ਵੀ ਪਰ ਦੂਸਰੇ ਫ਼ੇਜ਼ ਦੀ ਸੈਂਪਲਿੰਗ ਵਿਚ ਇਕ ਪਰਵਾਰਕ ਮੈਂਬਰ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ।
ਅੱਜ ਸਿਹਤ ਵਿਭਾਗ ਵਲੋਂ ਸੁਜਾਨਪੁਰ ਨਿਵਾਸੀ ਰਾਜ ਰਾਣੀ ਦੇ ਪਤੀ ਪ੍ਰੇਮ ਪਾਲ, ਪੋਤਾ ਰਿਸ਼ਵ (23), ਨੂੰਹ ਜੋਤੀ (34), ਪੋਤੇ ਦੀ ਸੱਸ ਪ੍ਰੋਮਿਲਾ ਸ਼ਰਮਾ (50) ਅਤੇ ਬੇਟਾ ਸੁਰੇਸ਼ (54) ਦੀ ਦੂਸਰੇ ਫ਼ੇਜ਼ ਦੀ ਰੀਪੋਰਟ ਕੋਰੋਨਾ ਨੈਗੇਟਿਵ ਆਉਣ 'ਤੇ ਘਰ ਭੇਜਿਆ ਗਿਆ ਹੈ, ਜਦਕਿ ਰਾਜ ਰਾਣੀ ਦੀ ਨੂੰਹ ਪਰਵੀਨ (53) ਜਿਸ ਦੀ ਦੂਸਰੇ ਫ਼ੇਜ਼ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ ਜਿਸ ਨੂੰ ਅਜੇ ਆਈਸੋਲੇਟ ਹੀ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਅਨੰਦਪੁਰ ਰੜਾ ਨਿਵਾਸੀ ਰਾਜ ਕੁਮਾਰ ਜਿਸ ਦੀ ਵੀ ਕਰੋਨਾ ਰੀਪੋਰਟ ਪਾਜ਼ੇਟਿਵ ਆਈ ਸੀ, ਕੁਆਰੰਟੀਨ ਸਮਾਂ ਪੂਰਾ ਹੋਣ 'ਤੇ ਪਹਿਲੇ ਫ਼ੇਜ਼ ਦੀ ਸੈਂਪਲਿੰਗ ਕੀਤੀ ਗਈ, ਜਿਸ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਐਸ.ਐਮ.ਓ. ਪਠਾਨਕੋਟ ਡਾ. ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਦੀ ਦੂਸਰੇ ਫ਼ੇਜ਼ ਦੀ ਰੀਪੋਰਟ ਕਰੋਨਾ ਪਾਜ਼ੇਟਿਵ ਆਈ ਹੈ। ਉਨ੍ਹਾਂ ਦੀ ਕੁੱਝ ਦਿਨਾਂ ਬਾਅਦ ਫਿਰ ਤੋਂ ਰੀਸੈਂਪਲਿੰਗ ਕੀਤੀ ਜਾਵੇਗੀ।