ਪੰਜਾਬ ਸਰਕਾਰ ਵਲੋਂ ਬੈਂਕਾਂ ਲਈ ਐਡਵਾਈਜ਼ਰੀ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵਲੋਂ ਬੈਂਕਾਂ ਲਈ ਐਡਵਾਈਜ਼ਰੀ ਜਾਰੀ

image

ਚੰਡੀਗੜ੍ਹ, 24 ਅਪਰੈਲ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਨੇ ਸਿਹਤ ਵਿਭਾਗ ਜ਼ਰੀਏ ਸੂਬੇ ਦੇ ਸਮੂਹ ਬੈਂਕਾਂ ਅਤੇ ਉਥੇ ਕੰਮ ਕਰਦੇ ਸਟਾਫ਼ ਲਈ ਵਿਸਥਾਰ ਵਿਚ ਸਲਾਹਾਂ ਅਤੇ ਸਾਵਧਾਨੀਆਂ ਜਾਰੀ ਕੀਤੀਆਂ ਹਨ। ਇਕ ਬੁਲਾਰੇ ਨੇ ਦਸਿਆ ਕਿ ਜੇਕਰ ਸਹੀ ਜਾਣਕਾਰੀ ਹੋਵੇ ਤਾਂ ਕੋਰੋਨਾ ਵਾਇਰਸ ਮਹਾਮਾਰੀ ਨੂੰ ਰੋਕਿਆ ਜਾ ਸਕਦਾ ਹੈ ਅਤੇ ਪੰਜਾਬ ਨੇ ਕਾਫ਼ੀ ਹੱਦ ਤਕ ਇਸ 'ਤੇ ਕਾਬੂ ਵੀ ਪਾਇਆ ਹੈ। ਉਨ੍ਹਾਂ ਕਿਹਾ ਕਿ ਬੈਂਕਾਂ ਵਿਚ ਵੱਖ-ਵੱਖ ਵਰਗਾਂ ਦੇ ਲੋਕ ਆਉਂਦੇ ਹਨ ਇਸ ਲਈ ਅਹਿਤਿਆਤ ਵਜੋਂ ਬੈਂਕਾਂ ਨੂੰ ਉਹ ਸਾਰੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਜੋ ਮਾਹਰਾਂ ਵਲੋਂ ਪਹਿਲਾਂ ਤੋਂ ਹੀ ਦੱਸੀਆਂ ਜਾ ਚੁੱਕੀਆਂ ਹਨ। ਬੁਲਾਰੇ ਅਨੁਸਾਰ ਬਰਾਂਚ ਦੇ ਬਾਹਰ ਉਡੀਕ ਕਰ ਰਹੇ ਲੋਕਾਂ ਵਿਚਕਾਰ 1 ਮੀਟਰ ਦੀ ਆਪਸੀ ਦੂਰੀ ਬਣਾ ਕੇ ਰਖਣਾ ਯਕੀਨੀ ਬਣਾਇਆ ਜਾਵੇ ਅਤੇ ਸਟਾਫ਼ ਵਿਚਕਾਰ

ਵੀ ਇਕ ਮੀਟਰ ਦੀ ਦੂਰੀ ਹੋਵੇ। ਬੈਂਕਾਂ ਵਲੋਂ ਯਕੀਨੀ ਬਣਾਇਆ ਜਾਵੇ ਕਿ ਬੈਂਕ ਸ਼ਾਖਾ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਹਰੇਕ ਉਪਭੋਗਤਾ ਨੇ ਮਾਸਕ ਪਹਿਨਿਆ ਹੋਵੇ। ਬੈਂਕਾਂ ਵਲੋਂ ਹਰੇਕ ਵਿਅਕਤੀ ਨੂੰ ਬੈਂਕ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹੱਥਾਂ ਨੂੰ ਸੈਨੀਟਾਈਜ਼ ਕਰਨਾ ਯਕੀਨੀ ਬਣਾਇਆ ਜਾਵੇ। ਬੈਂਕ ਸਟਾਫ਼ ਅਤੇ ਗਾਹਕਾਂ ਵਲੋਂ ਕੈਸ਼ ਟ੍ਰਾਂਜ਼ੈਕਸ਼ਨ ਕਰਨ ਤੋਂ ਪਹਿਲਾਂ ਅਤੇ ਬਾਅਦ ਵਿਚ ਹੱਥਾਂ ਨੂੰ ਧੋਣਾ ਯਕੀਨੀ ਬਣਾਇਆ ਜਾਵੇ ਜਾਂ ਸੈਨੀਟਾਈਜ਼ ਕੀਤਾ ਜਾਵੇ।

image
ਉਨ੍ਹਾਂ ਕਿਹਾ ਕਿ ਬੈਂਕਾਂ ਵਲੋਂ ਉਪਭੋਗਤਾਵਾਂ ਨੂੰ ਡਿਜ਼ੀਟਲ ਟ੍ਰਾਂਜੈਕਸ਼ਨ ਲਈ ਉਤਸ਼ਾਹਤ ਕੀਤਾ ਜਾਵੇ ਤਾਂ ਜੋ ਬਰਾਂਚ ਵਿਚ ਇਕੱਠ ਨੂੰ ਘਟਾਇਆ ਜਾ ਸਕੇ। ਇਸ ਮਕਸਦ ਲਈ ਬੈਂਕਾਂ ਦੀਆਂ ਬਰਾਂਚ ਦੇ ਬਾਹਰ ਅਤੇ ਏਟੀਐਮ ਵਾਲੀ ਜਗ੍ਹਾ 'ਤੇ ਪੈਂਫਲੈੱਟ ਲਗਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੈਂਕ ਵਲੋਂ ਜ਼ਰੂਰੀ ਕੰਮਾਂ ਲਈ ਲੋੜ ਅਨੁਸਾਰ ਸਬੰਧਤ ਸਟਾਫ਼ ਨੂੰ ਹੀ ਦਫ਼ਤਰ ਬੁਲਾਇਆ ਜਾਵੇ। ਜ਼ਰੂਰੀ ਕੰਮ ਲਈ ਦਫ਼ਤਰ ਬੁਲਾਏ ਜਾ ਰਹੇ ਸਟਾਫ਼ ਲਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਜਾਵੇ। ਜਿਸ ਤਹਿਤ ਉਨ੍ਹਾਂ ਦੇ ਬੈਠਣ ਲਈ ਘੱਟੋ-ਘੱਟ 1 ਮੀਟਰ ਦੀ ਦੂਰੀ ਯਕੀਨੀ ਬਣਾਈ ਜਾਵੇ, ਡਿਊਟੀ 'ਤੇ ਆਉਣ-ਜਾਣ ਲਈ, ਖਾਣੇ ਤੇ ਚਾਹ ਆਦਿ ਲਈ ਸੁਵਿਧਾ ਅਨੁਸਾਰ (ਫਲੈਕਸੀਬਲ) ਸਮਾਂ ਇਸ ਢੰਗ ਨਾਲ ਨਿਰਧਾਰਤ ਕੀਤਾ ਜਾਵੇ ਕਿ ਇਕ ਸਮੇਂ, ਇਕ ਜਗ੍ਹਾ 'ਤੇ ਸਟਾਫ਼ ਦੀ ਭੀੜ ਜਾਂ ਇਕੱਠ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਦਿਤੀ ਗਈ ਸਲਾਹ ਅਨੁਸਾਰ ਬੈਂਕ ਸਟਾਫ਼ ਹੱਥ ਨਾ ਮਿਲਾਵੇ, ਹਰ ਵਕਤ ਮਾਸਕ ਪਹਿਨ ਕੇ ਰੱਖੇ, ਨਿਰਧਾਰਤ ਸਥਾਨ 'ਤੇ ਬੈਠ ਕੇ ਕੰਮ ਕਰੇ, ਗੱਲਬਾਤ ਇੰਟਰਕਾਮ ਰਾਹੀਂ ਕਰੇ।


ਇਸ ਦੇ ਨਾਲ ਹੀ ਹਰ ਬੈਂਕ ਦੇ ਐਂਟਰੀ ਗੇਟ 'ਤੇ ਥਰਮਲ ਟੈਂਪਰੇਚਰ ਸਕੈਨਰ ਲਗਾਉਣ ਦੀ ਸਲਾਹ ਦਿਤੀ ਗਈ ਹੈ। ਜਿਥੇ ਲਿਫਟ ਦੀ ਵਰਤੋਂ ਕੀਤੀ ਜਾਂਦੀ ਹੈ ਉੱਥੇ ਹਰ ਮੰਜਿਲ 'ਤੇ ਲਿਫਟ ਦੇ ਦਰਵਾਜੇ ਦੇ ਨਜ਼ਦੀਕ ਸੈਨੀਟਾਈਜ਼ਰ ਲਗਾਇਆ ਜਾਵੇ। ਸਟਾਫ਼ ਨੂੰ ਸਲਾਹ ਦਿਤੀ ਗਈ ਹੈ ਕਿ ਉਨ੍ਹਾਂ ਵਲੋਂ ਲਿਫ਼ਟ ਦਾ ਬਟਨ ਦੱਬਣ ਤੋਂ ਬਾਅਦ ਕਿਸੇ ਵੀ ਵਸਤੂ ਜਾਂ ਅਪਣੇ ਸਰੀਰ ਨੂੰ ਛੂਹਣ ਤੋਂ ਪਹਿਲਾਂ ਸੈਨੀਟਾਈਜ਼ਰ ਨਾਲ ਅਪਣੇ ਹੱਥ ਸਾਫ਼ ਕੀਤੇ ਜਾਣ। ਬੁਲਾਰੇ ਅਨੁਸਾਰ ਬੈਂਕਾਂ ਦੇ ਅੰਦਰ ਤੇ ਬਾਹਰ ਪੂਰੀ ਸਾਫ਼-ਸਫ਼ਾਈ ਰੱਖਣ ਦੀ ਵੀ ਸਲਾਹ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੈਂਕ ਕਰਮਚਾਰੀਆਂ ਵਲੋਂ ਬਿਨਾਂ ਕਿਸੇ ਪੁਖ਼ਤਾ ਜਾਣਕਾਰੀ ਤੋਂ ਕੋਵਿਡ-19 ਦੇ ਬਾਰੇ ਗੱਲਾਂ/ਅਫ਼ਵਾਹਾਂ ਨਾ ਫੈਲਾਈਆਂ ਜਾਣ। ਮੈਨੇਜਮੈਂਟ ਵਲੋਂ ਮੁਲਾਜ਼ਮਾਂ ਨੂੰ ਸਹੀ ਤੇ ਪੁਖ਼ਤਾ ਜਾਣਕਾਰੀ ਲਈ ਪੰਜਾਬ ਸਰਕਾਰ ਵਲੋਂ ਬਣਾਈ ਗਈ ਕੋਵਾ ਐਪ ਡਾਊਨਲੋਡ ਕਰਨ ਲਈ ਪ੍ਰੇਰਿਤ ਕੀਤਾ ਜਾਵੇ।