ਅੰਮ੍ਰਿਤਸਰ ਦੇ ਨੀਲਕੰਠ ਹਸਪਤਾਲ ਵਿਚ ਆਕਸੀਜਨ ਦੀ ਕਮੀ ਦੇ ਚਲਦਿਆਂ 6 ਮਰੀਜ਼ਾਂ ਦੀ ਹੋਈ ਮੌਤ
ਸਰਕਾਰ ਦੇ ਕੋਰੋਨਾ ਮਹਾਮਾਰੀ ਪ੍ਰਤੀ ਦਾਅਵਿਆਂ ਦੀ ਨਿਕਲੀ ਫੂਕ
ਅੰਮ੍ਰਿਤਸਰ ( ਰਾਜੇਸ਼ ਕੁਮਾਰ ਸੰਧੂ) ਕੋਰੋਨਾ ਦਾ ਕਹਿਰ ਦਿਨੋ ਦਿਨ ਵਧਦਾ ਜਾ ਰਿਹਾ ਹੈ। ਪਿਛਲੇ ਤਿੰਨ ਦਿਨਾਂ ਤੋਂ ਕੋਰੋਨਾ ਦੇ ਤਿੰਨ ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਇਸ ਵਿਚਕਾਰ ਵੱਡੀ ਖਬਰ ਅੰਮ੍ਰਿਤਸਰ ਫਤਿਹਗੜ੍ਹ ਚੁੜੀਆ ਰੋਡ ਤੇ ਸਥਿਤ ਨੀਲਕੰਠ ਹਸਪਤਾਲ ਤੋਂ ਸਾਹਮਣੇ ਆਈ ਹੈ ਜਿਥੇ ਆਕਸੀਜਨ ਦੀ ਕਮੀ ਕਾਰਨ ਤਕਰੀਬਨ 6 ਮਰੀਜਾਂ ਦੀ ਮੌਤ ਹੋ ਗਈ ਹੈ।
ਜਿਹਨਾ ਵਿਚੋਂ ਪੰਜ ਕੋਰੋਨਾ ਮਰੀਜ਼ ਸਨ। ਮ੍ਰਿਤਕ ਦੇ ਪਰਿਵਾਰਕ ਮੈਬਰਾਂ ਵੱਲੋਂ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ। ਮੌਤ ਦਾ ਕਾਰਨ ਹਸਪਤਾਲ ਵਿਚ ਆਕਸੀਜਨ ਦੀ ਕਮੀ ਦੱਸੀ ਜਾ ਰਹੀ ਹੈ ਜਿਸਦੇ ਚੱਲਦੇ ਪਰਿਵਾਰਕ ਮੈਂਬਰਾਂ 'ਚ ਹਸਪਤਾਲ ਪ੍ਰਸ਼ਾਸ਼ਨ ਪ੍ਰਤੀ ਗੁੱਸਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਦੇ ਭਰਾ ਗੁਰਦੇਵ ਸਿੰਘ ਨੇ ਦਸਿਆ ਕਿ ਉਸ ਦੇ ਭਰਾ ਨੂੰ ਸਾਹ ਦੀ ਸਮੱਸਿਆ ਦੇ ਚਲਦਿਆਂ ਅੰਮ੍ਰਿਤਸਰ ਦੇ ਨੀਲਕੰਠ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਸੀ ਜੋ ਕੀ ਪਿਛਲੇ ਦੋ ਦਿਨਾਂ ਤੋਂ ਬਿਲਕੁਲ ਠੀਕ ਠਾਕ ਸੀ ਪਰ ਕੱਲ੍ਹ ਰਾਤ ਹਸਪਤਾਲ ਵਿਚ ਆਕਸੀਜਨ ਦੀ ਕਮੀ ਦੇ ਚਲਦਿਆਂ ਸਾਡੇ ਭਰਾ ਦੀ ਮੌਤ ਹੋ ਗਈ ਹੈ ਅਤੇ ਸਾਨੂੰ ਉਸਦੀ ਲਾਸ਼ ਵੀ ਨਹੀਂ ਦਿੱਤੀ ਜਾ ਰਹੀ। ਡਾਕਟਰਾਂ ਦਾ ਕਹਿਣਾ ਹੈ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਆਦੇਸ਼ਾਂ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਹਵਾਲੇ ਕੀਤੀ ਜਾਵੇਗੀ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਨੀਲਕੰਠ ਹਸਪਤਾਲ ਦੇ ਸੀ ਐਮ ਡੀ ਸੁਨੀਲ ਦੇਵਨ ਨੇ ਦੱਸਿਆ ਕਿ ਸਾਡੇ ਕੋਲ ਕੁੱਲ 11 ਕੋਰੋਨਾ ਪਾਜ਼ੇਟਿਵ ਮਰੀਜ਼ ਦਾਖਿਲ ਸਨ ਜਿਹਨਾਂ ਵਿਚੋਂ 5 ਕੋਵਿਡ ਅਤੇ ਇਕ ਨਾਰਮਲ ਮਰੀਜ਼ ਦੀ ਆਕਸੀਜਨ ਦੀ ਕਮੀ ਕਾਰਨ ਮੌਤ ਹੋ ਗਈ ਹੈ ਅਤੇ ਅਜੇ ਵੀ 5 ਕੋਰੋਨਾ ਮਰੀਜ਼ ਸਾਡੇ ਕੋਲ ਦਾਖਲ ਹਨ।
ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਆਦੇਸ਼ ਹਨ ਕਿ ਆਕਸੀਜਨ ਦੀ ਸਪਲਾਈ ਪਹਿਲਾ ਸਰਕਾਰੀ ਹਸਪਤਾਲਾਂ ਜਿਵੇ ਕਿ ਗੁਰੂ ਨਾਨਕ ਦੇਵ ਹਸਪਤਾਲ ਨੂੰ ਦਿਤੀ ਜਾਵੇਗੀ ਅਤੇ ਉਸ ਤੋਂ ਬਾਅਦ ਕਿਸੇ ਪ੍ਰਾਈਵੇਟ ਹਸਪਤਾਲ ਨੂੰ ਆਕਸੀਜਨ ਦੀ ਸਪਲਾਈ ਦਿਤੀ ਜਾਵੇਗੀ ਜਿਸਦੇ ਕਾਰਨ ਹਸਪਤਾਲਾਂ ਦੇ ਇਹ ਹਾਲਾਤ ਬਣੇ ਹੋਏ ਹਨ। ਆਕਸੀਜਨ ਦੇ ਤਿੰਨ ਮੈਨ ਸਪਲਾਇਰ ਵੀ ਕਿਸੇ ਨੂੰ ਆਕਸੀਜਨ ਨਹੀ ਦੇ ਰਹੇ ਹੈ।