ਸਰਕਾਰ ਦੇ ਹੁਕਮਾਂ ਦੀਆਂ ਸਰਕਾਰੀ ਸਕੂਲ ਨੇ ਹੀ ਉਡਾਈਆਂ ਧੱਜੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਿਰਦੇਸ਼ਾਂ ਦੇ ਬਾਵਜੂਦ ਵੀ ਖੋਲ੍ਹਿਆ ਸਕੂਲ

Government orders were flouted by government schools

ਨਵਾਂ ਸ਼ਹਿਰ: ਕੋਰੋਨਾ ਦਾ ਕਹਿਰ ਦਿਨੋ ਦਿਨ ਵਧਦਾ ਜਾ ਰਿਹਾ ਹੈ। ਪੰਜਾਬ ਵਿੱਚ ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਸਖ਼ਤ ਹਿਦਾਇਤਾਂ ਜਾਰੀ ਕਰ ਰਹੀ ਹੈ। ਜਿਥੇ ਕੋਰੋਨਾ ਦੌਰਾਨ ਸੋਸ਼ਲ ਡਿਸਟੈਂਸੀ ਨੂੰ ਲੈ ਕੇ ਜਿੰਮ, ਬਾਰ, ਹੋਟਲ, ਵਿਆਹਾਂ ਸ਼ਾਦੀਆਂ ਅਤੇ ਸੋਗ ਸਮਾਗਮਾਂ ਵਿੱਚ ਲੋਕਾਂ ਦੇ ਇਕੱਠ ਉੱਤੇ ਪੰਬੰਧੀ ਲਗਾਈ ਹੈ। ਉੱਥੇ ਹੀ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਕਾਲਜਾਂ ਨੂੰ 30 ਅਪ੍ਰੈਲ ਤੱਕ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਹੋਏ ਹਨ।

ਪਰ ਇਸ ਸਭ ਦੇ ਵਿਚਕਾਰ ਨਵਾਂਸ਼ਹਿਰ ਦੇ ਚੰਡੀਗੜ੍ਹ ਰੋਡ ਉੱਤੇ ਸਥਿਤ ਸਰਕਾਰੀ ਸੀਨੀਅਰ ਸਕੂਲ ਸ਼ਰੇਆਮ ਕੋਰੋਨਾ ਕਾਨੂੰਨਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਿਹਾ ਹੈ। ਨਵਾਂਸ਼ਹਿਰ ਦੇ ਪ੍ਰਿੰਸੀਪਲ ਸਰਬਜੀਤ ਸਿੰਘ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਬੱਚਿਆਂ ਨੂੰ ਪ੍ਰੀ ਟੈਸਟ ਦੇਣ ਦੇ ਬਹਾਨੇ ਸਕੂਲ ਬੁਲਾਇਆ ਜਾ   ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਕੂਲ ਦੇ ਬਿਲਕੁਲ ਨਾਲ ਹੀ ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ, SSP ਦਫਤਰ, SDM ਅਤੇ ਜਿਲ੍ਹਾ ਸਿੱਖਿਆ ਅਫਸਰ ਦਾ ਦਫਤਰ ਹੈ।

ਇਸ ਮੌਕੇ ਬੱਚਿਆਂ ਨੇ ਦੱਸਿਆ ਕਿ ਉਹਨਾਂ ਨੂੰ ਅੱਜ ਸਕੂਲ ਵਿੱਚ ਟੈਸਟ ਦੇਣ ਲਈ ਬੁਲਾਇਆ ਗਿਆ। ਨਾਲ ਹੀ ਸਕੂਲ ਪਹੁੰਚੇ ਬੱਚਿਆਂ ਨੇ ਇਹ ਵੀ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਵੱਲੋਂ ਉਹਨਾਂ ਕੋਲੋਂ ਵੱਧ ਸਲਾਨਾ ਦਾਖਲਾ ਫੀਸ ਵਸੂਲੀ ਜਾ ਰਹੀ ਹੈ।

ਉੱਧਰ ਸਕੂਲ ਦੇ ਵਾਇਸ ਪ੍ਰਿੰਸੀਪਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸਕੂਲ ਪਿਛਲੇ ਤਿੰਨ ਦਿਨਾਂ ਤੋਂ ਖੁੱਲ੍ਹ ਰਿਹਾ ਹੈ। ਜੇਕਰ ਅੱਜ ਤੁਸੀਂ ਨਾ ਆਉਂਦੇ ਤਾਂ ਇਹ ਅਜੇ ਹੋਰ ਕਈ ਦਿਨ ਖੁੱਲ੍ਹਣਾ ਸੀ। ਉਹਨਾਂ ਇਹ ਵੀ ਦੱਸਿਆ ਕਿ ਸਕੂਲ ਪ੍ਰਿੰਸੀਪਲ ਵੱਲੋਂ ਬੱਚਿਆਂ ਨੂੰ ਟੈਸਟ ਦੇਣ ਲਈ ਬੁਲਾਇਆ ਗਿਆ ਹੈ।

ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਜਦੋਂ ਉਹਨਾਂ ਨੂੰ ਸਕੂਲ ਖੋਲਣ ਸਬੰਧੀ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਸਕੂਲ ਨੂੰ ਬੰਦ ਕਰਵਾ ਕੇ ਬੱਚਿਆਂ ਨੂੰ ਘਰ ਭੇਜ ਦਿੱਤਾ। ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਵੱਲੋਂ ਕੋਵਿਡ 19 ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਸਨ।

ਜਿਸ ਸੰਬੰਧੀ ਮੌਕੇ ਦੇ ਜਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਜਦੋਂ ਸਾਡੀ ਟੀਮ ਨੇ ਜਿਲ੍ਹਾ ਨਵਾਂਸ਼ਹਿਰ ਦੇ ਅਡੀਸ਼ਨਲ ਡਿਪਟੀ ਕਮਿਸ਼ਨਰ ਅਦਿੱਤਿਆ ਉੱਪਲ ਜੀ ਕੋਲੋਂ ਜਾਣਕਾਰੀ ਲਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਹੁਣੇ ਇਸ ਸੰਬੰਧੀ ਜਾਣਕਾਰੀ ਮਿਲੀ ਹੈ ਅਤੇ ਉਹਨਾਂ ਨੇ ਸਕੂਲ ਦੇ ਪ੍ਰਿੰਸੀਪਲ ਖਿਲਾਫ਼ ਕਾਰਵਾਈ ਕਰਨ ਦੇ ਆਦੇਸ਼ ਦੇ ਦਿੱਤੇ ।