ਬਠਿੰਡਾ 'ਚ ਕਾਂਗਰਸੀਆਂ ਨੇ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ, 300 ਤੋਂ ਵੱਧ ਦਾ ਕੀਤਾ ਇਕੱਠ
ਅਕਾਲੀ ਦਲ ਦੇ ਸਾਬਕਾ ਵਿਧਾਇਕਾਂ ਨੇ ਕਿਹਾ ਕਿ ਕਾਂਗਰਸੀ ਨੇਤਾਵਾਂ ਦੇ ਲਈ ਕੋਈ ਕਾਨੂੰਨ ਨਹੀਂ ਬਣੇ।
ਬਠਿੰਡਾ : ਬੀਤੀ ਰਾਤ ਬਠਿੰਡਾ ਦੇ ਇਕ ਨਿੱਜੀ ਪੈਲੇਸ ’ਚ ਕਾਂਗਰਸੀ ਨੇਤਾਵਾਂ ਵਲੋਂ ਨਾਈਟ ਪਾਰਟੀ ਕੀਤੀ ਗਈ। ਜਿਸ ’ਚ 300 ਦੇ ਕਰੀਬ ਨੁਮਾਇੰਦਿਆ ਅਤੇ ਵਰਕਰਾਂ ਦੀ ਭੀੜ ਜਮ੍ਹਾ ਹੋਣ ਦੀ ਗੱਲ ਸਾਹਮਣੇ ਆਈ ਸੀ। ਕਰੀਬ 4 ਘੰਟੇ ਨਾਈਟ ਕਰਫਿਊ ਦੌਰਾਨ ਕਾਂਗਰਸੀ ਨੇਤਾਵਂ ਦੀ ਪਾਰਟੀ ਚੋਰੀ ਚੁੱਪੇ ਚੱਲਦੀ ਰਹੀ ਅਤੇ ਪੁਲਿਸ ਵਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਵਲੋਂ ਸਵਾਲ ਚੁੱਕਦੇ ਹੋਏ ਬਠਿੰਡਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਕਾਂਗਰਸੀ ਨੇਤਾ ਉਸ ਪਾਰਟੀ ’ਚ ਮੌਜੂਦ ਸਨ ਉਨ੍ਹਾਂ ਦੇ ਖ਼ਿਲਾਫ਼ ਨਾਈਟ ਕਰਫਿਊ ਦੀ ਉਲੰਘਣਾ ਕਰਨ ਦੀ ਧਾਰਾ ਦੇ ਤਹਿਤ ਮਾਮਲਾ ਦਰਜ ਹੋਣਾ ਚਾਹੀਦਾ ਹੈ। ਅਕਾਲੀ ਦਲ ਦੇ ਸਾਬਕਾ ਵਿਧਾਇਕਾਂ ਨੇ ਕਿਹਾ ਕਿ ਕਾਂਗਰਸੀ ਨੇਤਾਵਾਂ ਦੇ ਲਈ ਕੋਈ ਕਾਨੂੰਨ ਨਹੀਂ ਬਣੇ।
ਇਹ ਕਾਨੂੰਨ ਸਿਰਫ਼ ਆਮ ਲੋਕਾਂ ਲਈ ਹਨ। ਆਮ ਲੋਕ ਜੇਕਰ 20 ਦੀ ਵੀ ਭੀੜ ਇਕੱਠੀ ਕਰ ਲੈਣ ਤਾਂ ਉਨ੍ਹਾਂ ਦੇ ਖ਼ਿਲਾਫ਼ ਤੁਰੰਤ ਮਾਮਲਾ ਦਰਜ ਹੋ ਜਾਂਦਾ ਹੈ ਪਰ ਕਾਂਗਰਸੀ ਨੇਤਾਵਾਂ ਦੇ ਖ਼ਿਲਾਫ਼ ਭਾਰੀ ਭੀੜ ਇਕੱਠੀ ਕਰਨ ਦੇ ਬਾਅਦ ਵੀ ਮਾਮਲਾ ਦਰਜ ਨਹੀਂ ਹੋ ਰਿਹਾ ਹੈ। ਕੋਰੋਨਾ ਦੇ ਮੱਦੇਨਜ਼ਰ ਪੂਰੇ ਦੇਸ਼ ਅਤੇ ਪੰਜਾਬ ਭਰ ਵਿਚ ਸਰਕਾਰਾਂ ਅਲਰਟ ਹੋਣ ਦਾ ਦਾਅਵਾ ਕਰਦੀਆਂ ਰਹਿੰਦੀਆਂ ਹਨ, ਉਥੇ ਹੀ ਬਠਿੰਡਾ ਵਿਚ ਵੀ ਰਾਤ ਨੌਂ ਵਜੇ ਤੋਂ ਸਵੇਰ ਦੇ ਪੰਜ ਵਜੇ ਤੱਕ ਕਰਫਿਊ ਲੱਗਿਆ ਹੋਇਆ ਹੈ, ਪਰ ਇਨ੍ਹਾਂ ਨੇਤਾਵਾਂ ਨੂੰ ਨਾ ਤਾਂ ਕੋਈ ਕਰਫ਼ਿਊ ਬਾਰੇ ਪੁੱਛਣ ਵਾਲਾ ਹੈ, ਨਾ ਹੀ ਸਮਾਜਿਕ ਦੂਰੀ ਅਤੇ ਨਾ ਹੀ ਕਿਸੇ ਹੋਟਲ ਦੇ ਵਿੱਚ ਪ੍ਰੋਗਰਾਮ ਕਰਨ ਦੀ ਮਨਜ਼ੂਰੀ ਬਾਰੇ।