ਹੋਣਹਾਰ ਧੀ ਨੇ ਰੌਸ਼ਨ ਕੀਤਾ ਮਾਂ-ਬਾਪ ਦਾ ਨਾਮ, ਐਮਬੀਬੀਐਸ ਦੀ ਪੜ੍ਹਾਈ ਪੂਰੀ ਕਰ ਬਣੀ ਡਾਕਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐੱਨਆਰਆਈ ਕਰਮਬੀਰ ਸਿੰਘ ਚੀਮਾ ਨੇ ਚੁੱਕਿਆ ਸੀ ਪੜ੍ਹਾਈ ਦਾ ਖਰਚਾ

File Photo

ਫਤਹਿਗੜ੍ਹ ਸਾਹਿਬ (ਧਰਮਿੰਦਰ ਸਿੰਘ): ਐਮ.ਜੀ ਅਸ਼ੋਕਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਮੰਡੀ ਤੋਂ ਸਿੱਖਿਆ ਹਾਸਲ ਕਰਨ ਵਾਲੀ ਵਿਦਿਆਰਥਣ ਕਾਜਲ ਨੇ ਅਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕੀਤਾ ਹੈ। ਦਰਅਸਲ ਕਾਜਲ ਨੇ ਐਮਬੀਬੀਐਸ ਦੀ ਪੜ੍ਹਾਈ ਮੁਕੰਮਲ ਕਰ ਲਈ ਹੈ। ਇਸ ਦੇ ਚਲਦਿਆਂ ਸਕੂਲ ਮੈਨੇਜਮੈਂਟ ਵਲੋਂ ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ |

ਇਸ ਮੌਕੇ ਸਕੂਲ ਪ੍ਰਿੰਸੀਪਲ ਅੰਜੂ ਕੌੜਾ ਨੇ ਦੱਸਿਆ ਕਿ ਕਰਮਬੀਰ ਸਿੰਘ ਚੀਮਾ ਐੱਨਆਰਆਈ ਨੇ ਉਕਤ ਵਿਦਿਆਰਥਣ ਕਾਜਲ ਦੀ ਪੜ੍ਹਾਈ ਦੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲਈ ਹੈ, ਕਿਉਂਕਿ ਕਾਜਲ ਦਾ ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਆਪਣੀ ਬੱਚੀ ਨੂੰ ਉਸ ਦੇ ਉਦੇਸ਼ ਮੁਤਾਬਿਕ ਪੜ੍ਹਾਈ ਕਰਵਾਉਣ ਲਈ ਅਸਮਰੱਥ ਸੀ।

ਇਸ ਮੌਕਾ ਕਾਜਲ ਨੇ ਅਪਣੀ ਪ੍ਰਿੰਸੀਪਲ ਤੇ ਕਰਮਬੀਰ ਸਿੰਘ ਚੀਮਾ ਦਾ ਧੰਨਵਾਦ ਕੀਤਾ। ਕਾਜਲ ਨੇ ਕਿਹਾ ਕਿ ਇਹਨਾਂ ਦੀ ਬਦੌਲਤ ਹ ਉਹ ਅੱਜ ਕਾਜਲ ਤੋਂ ਡਾਕਟਰ ਕਾਜਲ ਬਣੀ ਹੈ। ਗੱਲਬਾਤ ਦੌਰਾਨ ਐਨਆਰਆਈ ਨੇ ਕਿਹਾ ਕਿ ਜੇਕਰ ਸਾਡੀ ਯੋਗਦਾਨ ਨਾਲ ਕਿਸੇ ਬੱਚੇ ਦਾ ਭਵਿੱਖ ਸੁਧਰਦਾ ਹੈ ਤਾਂ ਇਹ ਸਾਡੀ ਅਪਣੀ ਜਿੱਤ ਹੋਵੇਗੀ। 

ਦੱਸ ਦਈਏ ਕਿ ਕਾਜਲ ਦੇ ਪਿਤਾ ਸਬਜ਼ੀ ਦੀ ਰੇਹੜੀ ਲਗਾਉਂਦੇ ਹਨ। ਇਸ ਲਈ ਸ. ਚੀਮਾ ਨੇ ਵਿਦਿਆਰਥਣ ਕਾਜਲ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਤੋਂ ਐਮਬੀਬੀਐਸ ਦੀ ਪੜ੍ਹਾਈ ਕਰਵਾਈ| ਇਸ ਮੌਕੇ ਅਸ਼ੋਕਾ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਰਾਜੀਵ ਦੱਤਾ, ਸਕੱਤਰ ਨਰੇਸ਼ ਘਈ, ਮੈਨੇਜਰ ਪ੍ਰਵੀਨ ਸੂਰੀ ਅਤੇ ਪ੍ਰਿੰਸੀਪਲ ਅੰਜੂ ਕੌੜਾ ਨੇ ਜਿੱਥੇ ਕਰਮਬੀਰ ਸਿੰਘ ਚੀਮਾ ਦਾ ਧੰਨਵਾਦ ਕਰਦਿਆਂ ਉਹਨਾਂ ਪਾਸੋਂ ਭਵਿੱਖ 'ਚ ਵੀ ਅਜਿਹੇ ਹੋਣਹਾਰ ਤੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਦੀ ਉਮੀਦ ਜਤਾਈ ਉੱਥੇ ਹੀ ਵਿਦਿਆਰਥਣ ਕਾਜਲ ਨੂੰ ਵੀ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਗਈ |