ਭਲਕੇ ਦੋ ਦਿਨਾਂ ਦੌਰੇ 'ਤੇ ਦਿੱਲੀ ਜਾਣਗੇ ਭਗਵੰਤ ਮਾਨ, ਸਕੂਲਾਂ 'ਤੇ ਹਸਪਤਾਲਾਂ ਦਾ ਕਰਨਗੇ ਦੌਰਾ
ਬੀਤੇ ਦਿਨੀਂ ਮੁੱਖ ਮੰਤਰੀ 18 ਅਪ੍ਰੈਲ ਨੂੰ ਦਿੱਲੀ ਦੌਰੇ ’ਤੇ ਜਾਣ ਵਾਲੇ ਸਨ ਪਰ ਉਨ੍ਹਾਂ ਦਾ ਇਹ ਦੌਰਾ ਕੁਝ ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ।
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਭਲਕੇ ਦਿੱਲੀ ਦੌਰੇ ’ਤੇ ਜਾ ਰਹੇ ਹਨ। ਦਿੱਲੀ ਦੌਰੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਦੇ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕਰਨਗੇ। ਸੂਤਰਾਂ ਅਨੁਸਾਰ ਮੁੱਖ ਮੰਤਰੀ ਦਿੱਲੀ ਦੇ ਇਕ ਹਸਪਤਾਲ ਦਾ ਦੌਰਾ ਵੀ ਕਰਨਗੇ।
ਸੂਤਰਾਂ ਅਨੁਸਾਰ ਸੀ. ਐੱਮ. ਭਗਵੰਤ ਮਾਨ ਦੇ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੇ ਸਿਹਤ ਮੰਤਰੀ ਵਿਜੇ ਸਿੰਗਲਾ ਵੀ ਦਿੱਲੀ ਦੌਰੇ 'ਤੇ ਜਾ ਸਕਦੇ ਹਨ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਦੇ ਸਕੂਲਾਂ ਤੇ ਮੁਹੱਲਾ ਕਲੀਨਿਕਾਂ ਦਾ ਇਹ ਦੌਰਾ ਦਿੱਲੀ ਦੀ ਤਰਜ਼ 'ਤੇ ਪੰਜਾਬ ਦੇ ਸਕੂਲਾਂ ਤੇ ਹਸਪਤਾਲਾਂ ਦੀ ਹਾਲਤ ਨੂੰ ਸੁਧਾਰਨ ਲਈ ਕੀਤਾ ਜਾਣਾ ਹੈ। ਪੰਜਾਬ ਦੇ ਸਕੂਲ ਤੇ ਹਸਪਤਾਲ ਵੀ ਦਿੱਲੀ ਵਾਂਗ ਬਿਹਤਰ ਬਣਾਏ ਜਾਣਗੇ। ਦੱਸ ਦਈਏ ਕਿ ਬੀਤੇ ਦਿਨੀਂ ਮੁੱਖ ਮੰਤਰੀ 18 ਅਪ੍ਰੈਲ ਨੂੰ ਦਿੱਲੀ ਦੌਰੇ ’ਤੇ ਜਾਣ ਵਾਲੇ ਸਨ ਪਰ ਉਨ੍ਹਾਂ ਦਾ ਇਹ ਦੌਰਾ ਕੁਝ ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਇਹ ਦੌਰਾ ਕਿਸੇ ਨਿੱਜੀ ਕਾਰਨਾਂ ਕਰਕੇ ਮੁਲਤਵੀ ਹੋਇਆ ਹੈ।