ਪੰਜਾਬ ਪੁਲਿਸ ਦੇ ਹੱਥ ਲੱਗੀ ਵੱਡੀ ਸਫ਼ਲਤਾ, ਖੇਤਾਂ ਚੋਂ ਮਿਲਿਆ ਡਰੋਨ, 19 ਕਰੋੜ ਰੁਪਏ ਦੀ ਹੈਰੋਇਨ ਵੀ ਫੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ-ਪਾਕਿਸਤਾਨ ਸਰਹੱਦ 'ਤੇ ਤਸਕਰੀ ਦੀਆਂ ਲਗਾਤਾਰ ਕੋਸ਼ਿਸ਼ਾਂ ਵਧ ਰਹੀਆਂ

photo

 

ਅੰਮ੍ਰਿਤਸਰ: ਭਾਰਤ-ਪਾਕਿਸਤਾਨ ਸਰਹੱਦ 'ਤੇ ਤਸਕਰੀ ਦੀਆਂ ਕੋਸ਼ਿਸ਼ਾਂ ਵੱਧ ਰਹੀਆਂ ਹਨ। ਗੁਰਦਾਸਪੁਰ ਅਤੇ ਅਟਾਰੀ 'ਚ ਡਰੋਨ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਸਰਹੱਦ ਤੋਂ 4.50 ਕਿਲੋਮੀਟਰ ਦੂਰ ਲੋਪੋਕੇ 'ਚ ਡਰੋਨ ਨੂੰ ਜ਼ਬਤ ਕਰ ਲਿਆ ਗਿਆ ਹੈ। ਇੰਨਾ ਹੀ ਨਹੀਂ ਸੀਮਾ ਸੁਰੱਖਿਆ ਬਲ ਨੇ ਅੰਮ੍ਰਿਤਸਰ ਸੈਕਟਰ ਵਿੱਚ ਦੋ ਵੱਖ-ਵੱਖ ਥਾਵਾਂ ਤੋਂ 19 ਕਰੋੜ ਰੁਪਏ ਦੀ ਹੈਰੋਇਨ ਵੀ ਬਰਾਮਦ ਕੀਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਡਰੋਨ ਲੋਪੋਕੇ ਅਧੀਨ ਪੈਂਦੇ ਪਿੰਡ ਸਾਰੰਗੜਾ ਦੇ ਖੇਤਾਂ ਵਿੱਚ ਡਿੱਗਿਆ ਮਿਲਿਆ ਹੈ। ਪਿੰਡ ਵਾਸੀਆਂ ਨੇ ਤੁਰੰਤ ਇਸ ਦੀ ਸੂਚਨਾ ਪੰਜਾਬ ਪੁਲਿਸ ਨੂੰ ਦਿੱਤੀ। ਥਾਣਾ ਲੋਪੋਕੇ ਦੀ ਪੁਲਿਸ ਤੋਂ ਇਲਾਵਾ ਡੀਐਸਪੀ ਬਲਬੀਰ ਸਿੰਘ ਵੀ ਮੌਕੇ ’ਤੇ ਪੁੱਜੇ। ਜਿਸ ਥਾਂ ਤੋਂ ਇਹ ਡਰੋਨ ਮਿਲਿਆ ਹੈ, ਉਹ ਸਰਹੱਦ ਤੋਂ ਕਰੀਬ 4.50 ਕਿਲੋਮੀਟਰ ਦੂਰ ਹੈ।

ਡੀਐਸਪੀ ਬਲਬੀਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਸ਼ਮਸ਼ੇਰ ਸਿੰਘ ਨੇ ਪੁਲਿਸ ਨੂੰ ਡਰੋਨ ਦੀ ਸੂਚਨਾ ਦਿੱਤੀ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬੀਐਸਐਫ ਨੂੰ ਵੀ ਸੂਚਿਤ ਕੀਤਾ। ਜਿਸ ਤੋਂ ਬਾਅਦ ਬੀਐਸਐਫ ਦੀਆਂ ਟੀਮਾਂ ਨੇ ਇਲਾਕੇ ਦੀ ਜਾਂਚ ਕੀਤੀ। ਇਲਾਕੇ 'ਚ ਤਲਾਸ਼ੀ ਮੁਹਿੰਮ ਵੀ ਚਲਾਈ ਗਈ ਪਰ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ।

ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਇਹ ਡਰੋਨ ਛੋਟਾ ਹੈ ਅਤੇ ਇਸ ਦੀ ਇਕ ਬੈਟਰੀ ਨਾਲ ਸਿਰਫ ਅੱਧੇ ਘੰਟੇ ਤੱਕ ਉਡਾਣ ਭਰਨ ਦੀ ਸਮਰੱਥਾ ਹੈ। ਫਿਲਹਾਲ ਬੀਐਸਐਫ ਵੱਲੋਂ ਡਰੋਨ ਦਾ ਪ੍ਰੀਖਣ ਵੀ ਕੀਤਾ ਜਾਵੇਗਾ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਡਰੋਨ ਪਾਕਿਸਤਾਨ ਦੀ ਸਰਹੱਦ ਤੋਂ ਉਡਾਇਆ ਗਿਆ ਸੀ, ਪਰ ਵਾਪਸ ਆਉਂਦੇ ਸਮੇਂ ਇਸ ਦੀ ਬੈਟਰੀ ਖਤਮ ਹੋ ਗਈ ਸੀ। ਦੂਜੇ ਪਾਸੇ, ਹੁਣ ਬੀਐਸਐਫ ਇਸ ਦੀ ਜਾਂਚ ਕਰੇਗੀ, ਤਾਂ ਜੋ ਇਸ ਦੀ ਉਡਾਣ ਵਾਲੀ ਥਾਂ ਦਾ ਅੰਦਾਜ਼ਾ ਲਗਾਇਆ ਜਾ ਸਕੇ।

ਇਸ ਦੇ ਨਾਲ ਹੀ ਬੀ.ਐਸ.ਐਫ ਨੇ ਅੰਮ੍ਰਿਤਸਰ ਸੈਕਟਰ ਅਧੀਨ ਪੈਂਦੇ ਬੀਓਪੀ ਰਾਣੀਆ ਤੋਂ ਵੀ ਵੱਡੀ ਸਫਲਤਾ ਹਾਸਲ ਕੀਤੀ ਹੈ। ਬੀਐਸਐਫ ਨੇ ਕੰਡਿਆਲੀ ਤਾਰ ਦੇ ਪਾਰ ਦੋ ਥਾਵਾਂ ਤੋਂ 3.970 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਜਿਸ ਦੀ ਅੰਤਰਰਾਸ਼ਟਰੀ ਕੀਮਤ 19 ਕਰੋੜ ਰੁਪਏ ਦੱਸੀ ਜਾ ਰਹੀ ਹੈ। ਕੁੱਲ ਕੀਮਤ ਵਿੱਚ, ਇੱਕ ਥਾਂ 'ਤੇ 12 ਪੈਕੇਟ (2.920 ਕਿਲੋ) ਅਤੇ ਇੱਕ ਹੋਰ ਥਾਂ 'ਤੇ ਇੱਕ ਚਿੱਟੇ ਪੈਕੇਟ (1.070 ਕਿਲੋ) ਵਿੱਚ ਹੈਰੋਇਨ ਮਿਲੀ। ਬੀਐਸਐਫ ਨੇ ਪੈਕਟਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।