ਤੜਕਸਾਰ ਕੇਂਦਰੀ ਮਾਡਰਨ ਜੇਲ 'ਚ ਆਈ.ਜੀ. ਪੁਲਿਸ ਦੀ ਅਗਵਾਈ ਵਿਚ ਸ਼ੁਰੂ ਹੋਈ ਤਲਾਸ਼ੀ ਮੁਹਿੰਮ
ਤੜਕਸਾਰ ਕੇਂਦਰੀ ਮਾਡਰਨ ਜੇਲ 'ਚ ਆਈ.ਜੀ. ਪੁਲਿਸ ਦੀ ਅਗਵਾਈ ਵਿਚ ਸ਼ੁਰੂ ਹੋਈ ਤਲਾਸ਼ੀ ਮੁਹਿੰਮ
200 ਦੇ ਕਰੀਬ ਪੁਲਿਸ ਅਧਿਕਾਰੀਆਂ ਦੀ ਟੀਮ ਨੂੰ ਜੇਲ ਵਿਚੋਂ ਮਿਲੇ 5 ਮੋਬਾਈਲ!
ਕੋਟਕਪੂਰਾ, 23 ਅਪ੍ਰੈਲ (ਗੁਰਿੰਦਰ ਸਿੰਘ) : ਸੱਤਾ ਤਬਦੀਲੀ ਤੋਂ ਬਾਅਦ ਜੇਲਾਂ ਅੰਦਰ ਮੋਬਾਈਲ ਫ਼ੋਨ ਅਤੇ ਹੋਰ ਇਤਰਾਜ਼ਯੋਗ ਵਸਤੂਆਂ ਦੀ ਫੜੋ-ਫੜਾਈ ਦੇ ਨਾਲ-ਨਾਲ ਵੱਡੀ ਪੱਧਰ 'ਤੇ ਜਾਂਚ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ | ਅਤਿ ਸੁਰੱਖਿਆ ਵਾਲੀ ਮੰਨੀ ਜਾਂਦੀ ਕੇਂਦਰੀ ਮਾਡਰਨ ਜੇਲ ਫ਼ਰੀਦਕੋਟ ਵਿਚ ਅੱਜ ਸਵੇਰੇ ਤੜਕਸਾਰ ਪ੍ਰਦੀਪ ਕੁਮਾਰ ਯਾਦਵ ਆਈ.ਜੀ. ਅਤੇ ਮੈਡਮ ਅਵਨੀਤ ਕੌਰ ਸਿੱਧੂ ਜ਼ਿਲ੍ਹਾ ਪੁਲਿਸ ਮੁਖੀ ਦੀ ਅਗਵਾਈ ਹੇਠ ਲਗਭਗ 200 ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਵੱਡੇ ਕਾਫ਼ਲੇ ਨੇ ਕਰੀਬ 3 ਘੰਟੇ ਤਕ ਤਲਾਸ਼ੀ ਮੁਹਿੰਮ ਚਲਾਈ, ਜਿਸ ਦੌਰਾਨ ਪੰਜ ਮੋਬਾਈਲ ਫ਼ੋਨ ਬਰਾਮਦ ਕਰਨ 'ਚ ਸਫ਼ਲਤਾ ਮਿਲੀ |
ਜ਼ਿਕਰਯੋਗ ਹੈ ਕਿ ਸਮਾਜ ਸੁਧਾਰਕ ਲੱਖਾ ਸਿਧਾਣਾ ਨੇ ਫ਼ਰੀਦਕੋਟ ਜੇਲ ਵਿਚੋਂ ਬਾਹਰ ਆਉਂਦਿਆਂ ਜੇਲ ਅੰਦਰ ਸ਼ਰੇਆਮ ਨਸ਼ਾ ਤਸਕਰੀ ਦਾ ਵੱਡਾ ਇਲਜ਼ਾਮ ਲਾਇਆ ਸੀ ਤਾਂ ਉਸ ਸਮੇਂ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜੇਲਾਂ ਅੰਦਰ ਜੈਮਰ ਲਾਉਣ ਅਤੇ ਹਵਾਲਾਤੀਆਂ, ਕੈਦੀਆਂ ਅਤੇ ਜੇਲ ਕਰਮਚਾਰੀਆਂ 'ਤੇ ਤਿੱਖੀ ਨਜ਼ਰ ਰੱਖਣ ਲਈ ਸੀਸੀਟੀਵੀ ਕੈਮਰੇ ਲਾਉਣ ਦੇ ਦਾਅਵੇ ਕੀਤੇ ਸਨ |
ਉਸ ਤੋਂ ਬਾਅਦ ਵੀ ਰੋਜ਼ਾਨਾ ਦੀ ਤਰ੍ਹਾਂ ਜੇਲ ਅੰਦਰੋਂ ਹਵਾਲਾਤੀਆਂ ਜਾਂ ਕੈਦੀਆਂ ਤੋਂ ਮੋਬਾਈਲ ਫ਼ੋਨ, ਨਸ਼ੀਲੇ ਪਦਾਰਥ ਅਤੇ ਹੋਰ ਇਤਰਾਜ਼ਯੋਗ ਵਸਤੂਆਂ ਬਰਾਮਦ ਹੋਣ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਵੀ ਬਣਦੀਆਂ ਰਹੀਆਂ | ਬੇਸ਼ੱਕ ਇਸ ਤਲਾਸ਼ੀ ਮੁਹਿੰਮ ਤੋਂ ਤੁਰਤ ਬਾਅਦ ਆਈ.ਜੀ. ਯਾਦਵ ਇਸੇ ਮੰਤਵ ਲਈ ਨੇੜਲੇ ਜ਼ਿਲ੍ਹੇ ਲਈ ਰਵਾਨਾ ਹੋ ਗਏ ਪਰ ਮੌਕੇ 'ਤੇ ਮੌਜੂਦ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਮੈਡਮ ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਜੇਲ ਦੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਅਜਿਹੇ ਤਲਾਸ਼ੀ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਬੇਸ਼ੱਕ ਜੇਲ ਅਧਿਕਾਰੀਆਂ ਵਲੋਂ ਅਕਸਰ ਤਲਾਸ਼ੀ ਮੁਹਿੰਮ ਚਲਾਈਆਂ ਜਾਂਦੀਆਂ ਹਨ ਪਰ ਉਨ੍ਹਾਂ ਨੂੰ ਇਹ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਉਹ ਜੇਲ ਦੀਆਂ ਬੈਰਕਾਂ ਦੀ ਤਲਾਸ਼ੀ ਹੋਰ ਵਧੀਆ ਢੰਗ ਨਾਲ ਕਰਨ |
ਫੋਟੋ :- ਕੇ.ਕੇ.ਪੀ.-ਗੁਰਿੰਦਰ-23-10ਜੇ