ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਵਾਅਦਾ ਕਿਥੇ ਹੈ ਕੇਜਰੀਵਾਲ ਜੀ? : ਸਿੱਧੂ
ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਵਾਅਦਾ ਕਿਥੇ ਹੈ ਕੇਜਰੀਵਾਲ ਜੀ? : ਸਿੱਧੂ
ਚੰਡੀਗੜ੍ਹ, 23 ਅਪ੍ਰੈਲ (ਭੁੱਲਰ): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਆਏ ਦਿਨ ਕਿਸਾਨਾਂ ਦਾ ਮੁੱਦਾ ਚੁਕ ਕੇ ਪੰਜਾਬ ਸਰਕਾਰ 'ਤੇ ਸਵਾਲ ਚੁਕਦੇ ਹਨ ਤੇ ਉਨ੍ਹਾਂ ਨੂੰ ਅਪਣੇ ਕੀਤੇ ਵਾਅਦੇ ਯਾਦ ਕਰਵਾਉਂਦੇ ਹਨ ਤੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕਰਦੇ ਹਨ | ਅੱਜ ਇਕ ਵਾਰ ਫਿਰ ਤੋਂ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦੁਆਰਾ ਕੀਤਾ ਵਾਅਦਾ ਯਾਦ ਕਰਵਾਇਆ ਤੇ ਪੁੱਛਿਆ ਕਿ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਵਾਅਦਾ ਕਿਥੇ ਹੈ? ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਨੇ ਕਿਹਾ ਸੀ ਕਿ 1 ਅ੍ਰਪੈਲ ਤੋਂ ਬਾਅਦ ਪੰਜਾਬ ਵਿਚ ਕੋਈ ਕਿਸਾਨ ਖ਼ੁਦਕੁਸ਼ੀ ਨਹੀਂ ਕਰੇਗਾ ਪਰ ਹੁਣ ਉਹ ਅਪਣਾ ਵਾਅਦਾ ਪੂਰਾ ਕਿਉਂ ਨਹੀਂ ਕਰ ਰਹੇ? ਸਿਰਫ਼ ਇਕ ਜ਼ਿਲ੍ਹੇ ਵਿਚ ਹੀ 7 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ ਤਾਂ ਬਾਕੀ ਜ਼ਿਲਿ੍ਹਆ ਦਾ ਕੀ ਹਾਲ ਹੋਵੇਗਾ? ਨਵਜੋਤ ਸਿੱਧੂ ਨੇ ਕੇਜਰੀਵਾਲ ਵਲੋਂ ਦਿਤੇ ਬਿਆਨ ਦੀ ਵੀਡੀਉ ਵੀ ਸਾਂਝੀ ਕੀਤੀ ਹੈ | ਸਿੱਧੂ ਨੇ ਟਵੀਟ ਕਰ ਕੇ ਕੇਜਰੀਵਾਲ ਨੂੰ ਪੁਛਿਆ ਕਿ ਤੁਸੀਂ ਝੂਠ ਬੋਲਣਾ ਕਦੋਂ ਬੰਦ ਕਰੋਗੇ ਅਰਵਿੰਦ ਕੇਜਰੀਵਾਲ ਜੀ? ਸਿਰਫ਼ 1 ਜ਼ਿਲ੍ਹੇ ਵਿਚ 7 ਕਿਸਾਨਾਂ ਨੇ ਅਪਣੀ ਜਾਨ ਦਿਤੀ ਹੈ ਤੇ ਕਲਪਨਾ ਕਰੋ ਕਿ 23 ਜ਼ਿਲਿ੍ਹਆਂ ਵਿਚ ਕਿਸਾਨਾਂ ਦੀ ਦੁਰਦਸ਼ਾ ਕੀ ਹੋਵੇਗੀ | ਕੀ ਤੁਸੀਂ ਇਕ ਵੀ ਪ੍ਰਵਾਰ ਨੂੰ ਮਿਲਣ ਗਏ ਹੋ? ਪੰਜਾਬ ਪ੍ਰਤੀ ਤੁਹਾਡੀ ਜ਼ਿੰਮੇਵਾਰੀ ਅਤੇ ਚਿੰਤਾ ਹੁਣ ਕਿਥੇ ਹੈ? ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਵਾਅਦਾ ਕਿਥੇ ਹੈ? ਤੁਸੀਂ ਜੋ ਪ੍ਰਚਾਰ ਕਰਦੇ ਹੋ ਉਸ ਦਾ ਅਭਿਆਸ ਕਰੋ |