ਸਹੁਰੇ ਪਰਿਵਾਰ ਤੋਂ ਤੰਗ ਆ ਕੇ ਵਿਆਹੁਤਾ ਨੇ ਲਗਾਇਆ ਫਾਹਾ, ਮ੍ਰਿਤਕ ਦੇ ਪਰਿਵਾਰ ਨੇ ਸਹੁਰਿਆਂ 'ਤੇ ਲਗਾਇਆ ਦਾਜ ਮੰਗਣ ਤੇ ਕੁੱਟਮਾਰ ਕਰਨ ਦਾ ਇਲਜ਼ਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਮਾਮਲਾ ਦਰਜ ਕਰ ਪਤੀ ਸਮੇਤ ਸੱਸ ਤੇ ਸਹੁਰੇ ਨੂੰ ਕੀਤਾ ਗ੍ਰਿਫ਼ਤਾਰ 

Sumanjeet Kaur (file photo)

ਫ਼ਤਹਿਗੜ੍ਹ ਸਾਹਿਬ : ਫ਼ਤਹਿਗੜ੍ਹ ਸਾਹਿਬ ਦੇ ਪਿੰਡ ਭਮਾਰਸੀ ਬੁਲੰਦ ਵਿਖੇ ਸਹੁਰੇ ਪਰਿਵਾਰ ਦੇ ਜ਼ੁਲਮਾਂ ਤੋਂ ਦੁਖੀ ਔਰਤ ਨੇ ਘਰ ਅੰਦਰ ਫਾਹਾ ਲੈਕੇ ਆਤਮਹੱਤਿਆ ਕਰ ਲਈ। ਪੁਲਸ ਨੇ ਆਤਮਹੱਤਿਆ ਲਈ ਮਜ਼ਬੂਰ ਕਰਨ ਵਾਲੇ ਪਤੀ ਅਤੇ ਸੱਸ ਤੇ ਸਹੁਰਾ ਨੂੰ ਗ੍ਰਿਫ਼ਤਾਰ ਕਰ ਲਿਆ, ਓਥੇ ਹੀ ਦੂਜੇ ਪਾਸੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਨੂੰ ਕਤਲ ਦੱਸਿਆ। ਔਰਤ ਦਾ ਵਿਆਹ 2012 ਚ ਹੋਇਆ ਸੀ। ਉਸਦੀ 10 ਸਾਲਾਂ ਲੜਕੀ ਵੀ ਹੈ। 

ਮ੍ਰਿਤਕ ਸੁਮਨਜੀਤ ਕੌਰ ਦੇ ਪਿਤਾ ਪ੍ਰੀਤਮ ਸਿੰਘ ਵਾਸੀ ਜੱਸੜਾਂ ਨੇ ਦੱਸਿਆ ਕਿ ਉਸ ਨੇ ਲਗਭਗ 12 ਸਾਲ ਪਹਿਲਾਂ ਸਾਲ (08.12.2012) ਅਪਣੀ ਲੜਕੀ ਦੇ ਵਿਆਹ ਉਪਰ ਕਰੀਬ 50 ਲੱਖ ਰੁਪਏ ਖਰਚ ਕੀਤੇ ਸਨ ਪਰ ਸਹੁਰਾ ਪਰਿਵਾਰ ਉਸ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਉਸ ਦੀ ਲੜਕੀ ਨਾਲ ਕੁੱਟਮਾਰ ਕਰਦੇ ਸਨ। 

ਇਹ ਵੀ ਪੜ੍ਹੋ: ਫ਼ਿਲਮ 'ਗੋਡੇ ਗੋਡੇ ਚਾਅ!' ਦੇ ਸਮੂਹ ਕਲਾਕਾਰਾਂ ਦੀ ਵਿਸ਼ੇਸ਼ਤਾ ਵਾਲਾ ਪਹਿਲਾ ਪੋਸਟਰ ਜਾਰੀ 

ਉਨ੍ਹਾਂ ਨੂੰ ਪੁਲਸ ਨੇ ਫੋਨ ਕਰ ਕੇ ਦੱਸਿਆ ਕਿ ਲੜਕੀ ਮਰ ਗਈ ਹੈ। ਜਦੋਂ ਉਹ ਆਪਣੀ ਲੜਕੀ ਦੇ ਸਹੁਰੇ ਘਰ ਗਏ ਤਾਂ ਲਾਸ਼ ਬੈਡ ਉਪਰ ਪਈ ਸੀ। ਪਰਿਵਾਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੀ ਧੀ ਨੂੰ ਮਾਰਿਆ ਗਿਆ ਹੈ। ਲੜਕੀ ਦੇ ਪਿਤਾ ਨੇ ਕਥਿਤ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇਣ ਦੀ ਮੰਗ ਕੀਤੀ। ਮ੍ਰਿਤਕਾ ਦੇ ਰਿਸ਼ਤੇਦਾਰ ਦਰਸ਼ਨ ਬੱਬੀ ਨੇ ਵੀ ਕਥਿਤ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।

ਇਸ ਮਾਮਲੇ ਵਿਚ ਐਸਐਸਪੀ ਫ਼ਤਹਿਗੜ੍ਹ ਸਾਹਿਬ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਆਤਮਹੱਤਿਆ ਦਾ ਮਾਮਲਾ ਹੈ। ਪੁਲਿਸ ਨੇ ਮ੍ਰਿਤਕ ਲੜਕੀ ਦੇ ਪਤੀ ਜਗਵੀਰ ਸਿੰਘ, ਸੱਸ ਚਰਨਜੀਤ ਕੌਰ ਅਤੇ ਸਹੁਰਾ ਕਰਮਿੰਦਰ ਸਿੰਘ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 306, 34 ਦੇ ਤਹਿਤ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਾਨੂੰਨ ਮੁਤਾਬਕ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।