ਮੋਰਿੰਡਾ ਬੇਅਦਬੀ ਘਟਨਾ 'ਤੇ ਜਥੇਦਾਰ ਨੇ ਪ੍ਰਗਟਾਈ ਚਿੰਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੋਸ਼ੀ ਖਿਲਾਫ਼ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ

Giani Harpreet Singh

 

ਮੋਰਿੰਡਾ - ਪੰਜਾਬ ਵਿਚ ਵਾਪਰੀਆਂ 2 ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗਹਿਰੀ ਚਿੰਤਾ ਜਤਾਈ ਹੈ। ਉਹਨਾਂ ਨੇ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪਹਿਲੀ ਬੇਅਦਬੀ ਦੀ ਘਟਨਾ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਗੋਲੇਵਾਲਾ ਅਤੇ ਦੂਜੀ ਘਟਨਾ ਅੱਜ ਮੋਰਿੰਡਾ ਵਿਖੇ ਵਾਪਰੀ ਹੈ। 

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਪੰਜਾਬ ਵਿਚ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਟਕਾ ਸਾਹਿਬ ਦੀ ਬੇਅਦਬੀ ਹੋ ਰਹੀ ਹੈ। ਰੋਜ਼ਾਨਾ ਬੇਅਦਬੀ ਦੀਆਂ ਘਟਨਾਵਾਂ ਕਿਸੇ ਨਾ ਕਿਸੇ ਜਗ੍ਹਾ ਤੋਂ ਸਾਹਮਣੇ ਆ ਰਹੀਆਂ ਹਨ ਜੋ ਚਿੰਤਾ ਦਾ ਵਿਸ਼ਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਮੋਰਿੰਡਾ ਵਿਖੇ ਛੋਟੇ ਸਹਿਬਜ਼ਾਦਿਆਂ ਦੇ ਅਸਥਾਨ 'ਤੇ ਜੋ ਘਟਨਾ ਵਾਪਰੀ ਹੈ, ਉਹ ਹਿਰਦੇ ਨੂੰ ਵਲੂੰਧਰ ਦੇਣ ਵਾਲੀ ਘਟਨਾ ਹੈ, ਇੱਕ ਘਟੀਆ ਕਿਸਮ ਦਾ ਵਿਅਕਤੀ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆਂ 'ਤੇ ਬੈਠੇ ਗ੍ਰੰਥੀ ਸਿੰਘ ਦੀ ਕੁੱਟਮਾਰ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਾ ਹੈ।

ਉਨ੍ਹਾਂ ਕਿਹਾ ਕਿ ਦੋਸ਼ੀ ਖਿਲਾਫ਼ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਜਿੰਨਾ ਸਮਾਂ ਅਜਿਹੇ ਵਿਅਕਤੀਆਂ ਖਿਲਾਫ਼ ਸਖਤ ਕਾਰਵਾਈ ਨਹੀਂ ਹੁੰਦੀ, ਉਨ੍ਹਾਂ ਸਮਾਂ ਬੇਅਦਬੀ ਦੀਆਂ ਘਟਨਾਵਾਂ ਨਹੀਂ ਰੁਕਣਗੀਆਂ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਫਰੀਦਕੋਟ ਦੇ ਪਿੰਡ ਗੋਲੇਵਾਲਾ ਵਿਖੇ ਵੀ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ, ਪੁਲਿਸ ਨੇ ਮੁਸਤੈਦੀ ਨਾਲ ਬੇਅਦਬੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਾਬੂ ਕੀਤੇ ਗਏ ਵਿਅਕਤੀ ਇਸਾਈ ਭਾਈਚਾਰੇ ਨਾਲ ਸਬੰਧਤ ਦੱਸੇ ਜਾ ਰਹੇ ਹਨ। 

ਜਥੇਦਾਰ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਪੰਜਾਬ ਨੂੰ ਇੱਕ ਵਾਰ ਫਿਰ ਹਨੇਰੇ ਵੱਲ ਧੱਕਣ ਦੀਆਂ ਕੋਸ਼ਿਸ਼ਾਂ ਹਨ। ਬੇਅਦਬੀ ਕਰ ਰਹੇ ਅਜਿਹੇ ਲੋਕਾਂ ਪਿੱਛੇ ਜ਼ਰੂਰ ਕੋਈ ਵੱਡੀਆਂ ਤਾਕਤਾਂ ਹਨ ਜਿਨ੍ਹਾਂ ਨੂੰ ਬੇਪਰਦ ਕਰਨ ਦੀ ਜ਼ਰੂਰਤ ਹੈ ਫਿਰ ਕਿਤੇ ਜਾ ਕੇ ਇਹ ਘਟਨਾਵਾਂ ਰੁਕਣਗੀਆਂ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਬੇਅਦਬੀ ਹੁੰਦੀ ਹੈ ਤਾਂ ਸਿੱਖ ਉਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਜਦੋਂ ਸਿੱਖਾਂ ਦੇ ਜ਼ਜ਼ਬਾਤਾਂ ਨੂੰ ਠੇਸ ਪਹੁੰਚਦੀ ਹੈ ਤੇ ਸਿੱਖ ਆਪਣੇ ਜਜ਼ਬਾਤਾਂ ਦਾ ਪ੍ਰਗਟਾਵਾ ਕਰਦੇ ਹਨ ਫਿਰ ਇਹ ਲੋਕ ਕਹਿੰਦੇ ਹਨ ਕਿ ਸਿੱਖ ਮਾਹੌਲ ਖ਼ਰਾਬ ਕਰਦੇ ਹਨ।