Zirakpur News: SSP ਦੀਪਕ ਪਾਰਿਕ ਮੋਹਾਲੀ ਵਲੋਂ ਜ਼ੀਰਕਪੁਰ ਥਾਣਾ ਮੁਖੀ, ਮੁਨਸ਼ੀ ਤੇ ਨਾਇਬ ਕੋਰਟ ਮੁਅੱਤਲ
ਐਨਆਰਆਈ ਔਰਤ ਦੀ ਸ਼ਿਕਾਇਤ ’ਤੇ ਨਹੀਂ ਕੀਤੀ ਸੀ ਕਾਰਵਾਈ
Zirakpur News: ਐਸ.ਐਸ.ਪੀ. ਮੁਹਾਲੀ ਡਾ. ਦੀਪਕ ਪਾਰਿਕ ਵਲੋਂ ਜ਼ੀਰਕਪੁਰ ਥਾਣਾ ਮੁਖੀ ਜਸਕੰਵਲ ਸਿੰਘ ਸੇਖੋਂ, ਮੁਨਸ਼ੀ ਅਤੇ ਨੈਬ ਕੋਰਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਦਕਿ ਉਨ੍ਹਾਂ ਦੀ ਥਾਂ ਇੰਸਪੈਕਟਰ ਗਗਨਦੀਪ ਸਿੰਘ ਨੂੰ ਐਸਐਚਓ ਜ਼ੀਰਕਪੁਰ ਤੈਨਾਤ ਕੀਤਾ ਗਿਆ ਹੈ, ਜਿਨ੍ਹਾਂ ਵਲੋਂ ਅਹੁਦਾ ਸੰਭਾਲ ਲਿਆ ਗਿਆ ਹੈ। ਐਸ.ਐਸ.ਪੀ. ਡਾ. ਪਾਰਿਕ ਵਲੋਂ ਇਹ ਕਾਰਵਾਈ ਅਦਾਲਤ ਵਲੋਂ 156/3 ਤਹਿਤ ਮੰਗੀ ਗਈ ਰਿਪੋਰਟ ’ਤੇ ਕਾਰਵਾਈ ਨਾ ਕਰਨ ’ਤੇ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਇਕ ਐਨ.ਆਰ.ਆਈ. ਔਰਤ ਲਾਇਕਾ ਮੱਕੜ ਵਲੋਂ ਉਸ ਨਾਲ ਫ਼ਲੈਟ ਦਿਵਾਉਣ ਦੇ ਨਾਂਅ ’ਤੇ ਕਰੀਬ ਪੰਜਾਹ ਲੱਖ ਰੁਪਏ ਦੀ ਠੱਗੀ ਮਾਮਲੇ ਵਿਚ ਮੁਲਜ਼ਮਾਂ ਵਿਰੁਧ ਕੇਸ ਦਰਜ ਕਰਵਾਉਣ ਲਈ 156/3 ਤਹਿਤ ਡੇਰਾਬੱਸੀ ਅਦਾਲਤ ਵਿਚ ਪਟੀਸ਼ਨ ਪਾਈ ਗਈ ਸੀ। ਅਦਾਲਤ ਵਲੋਂ ਮਾਮਲੇ ਦੀ ਜਾਂਚ ਲਈ ਜ਼ੀਰਕਪੁਰ ਥਾਣੇ ਨੂੰ ਭੇਜਿਆ ਗਿਆ ਸੀ ਪਰ ਤੈਅ ਸਮੇਂ ਵਿੱਚ ਜ਼ੀਰਕਪੁਰ ਪੁਲਿਸ ਵੱਲੋਂ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ਇਸ ਮਾਮਲੇ ਵਿਚ ਅਦਾਲਤ ਵੱਲੋਂ ਵਾਰ ਵਾਰ ਨੋਟਿਸ ਵੀ ਜਾਰੀ ਕੀਤੇ ਗਏ। ਇਸ ਨੂੰ ਲੈ ਕੇ ਸ਼ਿਕਾਇਤਕਰਤਾ ਔਰਤ ਵਲੋਂ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਗਿਆ।
ਹਾਈ ਕੋਰਟ ਨੇ ਮਾਮਲੇ ਵਿਚ ਸਖ਼ਤ ਨੋਟਿਸ ਲੈਂਦਿਆਂ ਐਸ.ਐਸ.ਪੀ. ਮੁਹਾਲੀ ਨੂੰ ਪਾਰਟੀ ਬਣਾਉਂਦੇ ਹੋਏ ਪੁਲਿਸ ਦੀ ਇਸ ਲਾਪ੍ਰਵਾਹੀ ’ਤੇ ਕੀ ਕਾਰਵਾਈ ਕੀਤੀ ਗਈ, ਬਾਰੇ ਸਵਾਲ ਕੀਤਾ। ਮਾਮਲੇ ’ਤੇ ਐਸ.ਐਸ.ਪੀ. ਮੁਹਾਲੀ ਵਲੋਂ ਥਾਣਾ ਮੁਖੀ ਜ਼ੀਰਕਪੁਰ ਜਸਕੰਵਲ ਸਿੰਘ ਸੇਖੋਂ, ਮੌਜੂਦਾ ਮੁਨਸ਼ੀ ਅਤੇ ਨੈਬ ਕੋਰਟ ਨੂੰ ਮੁਅੱਤਲ ਕਰ ਦਿਤਾ ਗਿਆ। ਉਨ੍ਹਾਂ ਦੀ ਥਾਂ ਫੇਜ਼ 11 ਦੇ ਥਾਣਾ ਮੁਖੀ ਗਗਨਦੀਪ ਸਿੰਘ ਨੂੰ ਨਵਾਂ ਥਾਣਾ ਮੁਖੀ ਲਾਇਆ ਗਿਆ।
ਦੂਜੇ ਪਾਸੇ ਪੁਲਿਸ ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਥਾਣਾ ਜ਼ੀਰਕਪੁਰ ਨੂੰ ਡੇਰਾਬੱਸੀ ਅਦਾਲਤ ਵਲੋਂ ਕੋਈ ਵੀ ਕਾਪੀ ਨਹੀਂ ਮਿਲੀ, ਜਿਸ ਦਾ ਹਵਾਲਾ ਪੁਲਿਸ ਵਲੋਂ ਹਾਈ ਕੋਰਟ ਵਿੱਚ ਦਾਇਰ ਅਪਣੇ ਹਲਫ਼ਨਾਮੇ ਵਿਚ ਵੀ ਕੀਤਾ ਗਿਆ ਹੈ। ਅਦਾਲਤ ਦੀ ਕਾਪੀ ਨਾ ਮਿਲਣ ਪਿੱਛੇ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਦੇ ਲੈਵਲ ਤੇ ਲਾਪ੍ਰਵਾਹੀ ਰਹੀ। ਮਾਮਲੇ ਸੰਬਧੀ ਡੀ.ਐਸ.ਪੀ. ਜ਼ੀਰਕਪੁਰ ਜਸਪਿੰਦਰ ਸਿੰਘ ਗਿੱਲ ਨੇ ਥਾਣਾ ਮੁਖੀ ਸਣੇ ਹੋਰਨਾਂ ਨੂੰ ਮੁਅੱਤਲ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਮਾਮਲੇ ਵਿੱਚ ਲਾਪ੍ਰਵਾਹੀ ਕਿਉਂ ਵਰਤੀ ਗਈ।’
‘