ਸੂਬੇ ਦੀ ਨੁਹਾਰ ਬਦਲਣ ਲਈ ਮੁੱਖ ਮੰਤਰੀ ਦੀ ਅਗਵਾਈ ਹੇਠ ਵਜ਼ਾਰਤ ਵੱਲੋਂ ‘ਰੰਗਲਾ ਪੰਜਾਬ ਵਿਕਾਸ ਯੋਜਨਾ’ ਨੂੰ ਹਰੀ ਝੰਡੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

585 ਕਰੋੜ ਰੁਪਏ ਦੀ ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਨੂੰ ਸਹਿਮਤੀ ਦਿੱਤੀ

the cabinet under the leadership of the CM has given green signal to the ‘Rangla Punjab Vikas Yojana’

ਚੰਡੀਗੜ੍ਹ: ਸੂਬੇ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਅੱਜ ‘ਰੰਗਲਾ ਪੰਜਾਬ ਵਿਕਾਸ ਯੋਜਨਾ’ ਦੇ ਦਿਸ਼ਾ-ਨਿਰਦੇਸ਼ਾਂ ਨੂੰ ਪ੍ਰਵਾਨਗੀ ਦੇ ਦਿੱਤੀ।

ਇਸ ਸਬੰਧੀ ਫੈਸਲਾ ਮੰਤਰੀ ਮੰਡਲ ਨੇ ਅੱਜ ਸ਼ਾਮ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਸਰਕਾਰੀ ਨਿਵਾਸ ਸਥਾਨ ‘ਤੇ ਹੋਈ ਮੀਟਿੰਗ ਵਿੱਚ ਲਿਆ।
ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ‘ਰੰਗਲਾ ਪੰਜਾਬ ਵਿਕਾਸ ਯੋਜਨਾ’ ਤਹਿਤ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਲੋਕਾਂ ਦੀਆਂ ਰੋਜ਼ਮੱਰਾ ਦੀਆਂ ਮਹੱਤਵਪੂਰਨ ਵਿਕਾਸ ਲੋੜਾਂ ਲਈ ਫੰਡਾਂ ਦਾ ਉਪਬੰਧ ਕੀਤਾ ਗਿਆ ਹੈ। ਵਿੱਤੀ ਸਾਲ 2025-26 ਵਿੱਚ ਇਸ ਯੋਜਨਾ ਤਹਿਤ 585 ਕਰੋੜ ਰੁਪਏ ਦੇ ਫੰਡਾਂ ਦੀ ਵਿਵਸਥਾ ਕੀਤੀ ਗਈ ਹੈ ਅਤੇ ਇਹਨਾਂ ਫੰਡਾਂ ਦਾ ਕਾਰਜਭਾਰ ਡਿਪਟੀ ਕਮਿਸ਼ਨਰਾਂ ਕੋਲ ਹੋਵੇਗਾ ਅਤੇ ਇਹ ਫੰਡ ਵਿਧਾਇਕਾਂ, ਭਾਈਚਾਰਕ ਸੰਗਠਨਾਂ, ਨਾਗਰਿਕ ਸਮੂਹਾਂ ਅਤੇ ਸਮਾਜਿਕ ਭਾਵਨਾ ਵਾਲੇ ਸ਼ਹਿਰੀਆਂ ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਖਰਚ ਕੀਤੇ ਜਾਣਗੇ। ਸਿਫ਼ਾਰਸ਼ ਕੀਤੇ/ਪ੍ਰਸਤਾਵਿਤ ਕੰਮਾਂ ਨੂੰ ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਨਜ਼ੂਰੀ ਦਿੱਤੀ ਜਾਵੇਗੀ।

ਇਹ ਪ੍ਰਵਾਨਗੀ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਗਠਿਤ ਜ਼ਿਲ੍ਹਾ ਪੱਧਰੀ ਕਮੇਟੀ ਦੇਵੇਗੀ ਪਰ ਇਸ ਪ੍ਰਵਾਨਗੀ ਨੂੰ ਮੁੱਖ ਮੰਤਰੀ ਦੁਆਰਾ ਨਿਯੁਕਤ ਕੀਤੇ ਜ਼ਿਲ੍ਹੇ ਦੇ ਇੰਚਾਰਜ ਮੰਤਰੀ ਦੀ ਸਹਿਮਤੀ ਹੋਵੇਗੀ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਕਮੇਟੀ ਨਿਰਧਾਰਤ ਅਥਾਰਟੀ ਦੁਆਰਾ ਕੰਮ ਨੂੰ ਪੂਰਾ ਕਰਵਾਏਗੀ ਅਤੇ ਇਸ ਦੀ ਢੁਕਵੀਂ ਨਿਗਰਾਨੀ ਅਤੇ ਕੰਮ ਨੂੰ ਸਮੇਂ ਸਿਰ ਪੂਰਾ ਕਰਨ ਨੂੰ ਯਕੀਨੀ ਬਣਾਏਗੀ। ਡਿਪਟੀ ਕਮਿਸ਼ਨਰ ਪ੍ਰਵਾਨਿਤ ਕਾਰਜਾਂ ਲਈ ਪ੍ਰਸ਼ਾਸਕੀ ਅਤੇ ਵਿੱਤੀ ਮਨਜ਼ੂਰੀਆਂ ਦੇਣ ਦੇ ਸਮਰੱਥ ਹੋਵੇਗਾ।

ਪਟਿਆਲਾ ਤੋਂ ਐਸ.ਏ.ਐਸ. ਨਗਰ ਜ਼ਿਲ੍ਹੇ ਵਿੱਚ ਪਿੰਡਾਂ ਨੂੰ ਤਬਦੀਲ ਕਰਨ ਦੀ ਪ੍ਰਵਾਨਗੀ

ਮੰਤਰੀ ਮੰਡਲ ਨੇ ਮਾਣਕਪੁਰਾ, ਖੇੜਾ ਗੱਜੂ, ਉਰਨਾ, ਚੰਗੇਰਾ, ਉੱਚਾ ਖੇੜਾ, ਗੁਰਦਿੱਤਪੁਰਾ, ਹਦਿਤਪੁਰਾ ਅਤੇ ਲੈਹਲਾਂ ਸਮੇਤ ਅੱਠ ਪਿੰਡਾਂ ਦੇ ਲੋਕਾਂ ਦੀ ਸਹੂਲਤ ਲਈ ਇਹਨਾਂ ਪਿੰਡਾਂ ਨੂੰ ਤਹਿਸੀਲ ਰਾਜਪੁਰਾ (ਪਟਿਆਲਾ) ਤੋਂ ਸਬ-ਤਹਿਸੀਲ ਬਨੂੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) ਵਿੱਚ ਤਬਦੀਲ ਕਰਨ ਦੀ ਵੀ ਪ੍ਰਵਾਨਗੀ ਦੇ ਦਿੱਤੀ।