2014 ਤੋਂ 2019 ਦੀਆਂ ਚੋਣਾਂ ਦੌਰਾਨ ਵੋਟਾਂ ਵਿਚ ਹੋਇਆ ਵੱਡਾ ਫੇਰ ਬਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਪਹੁੰਚੀ ਹਾਸ਼ੀਏ 'ਤੇ

Lok Sabha Election

ਬੇਸ਼ੱਕ ਇਕ ਵਾਰ ਫੇਰ ਲੋਕ ਸਭਾ ਚੋਣਾਂ ਵਿਚ NDA 300 ਸੀਟਾਂ ਦਾ ਅੰਕੜਾ ਪਾਰ ਕਰ ਗਈ ਹੈ ਤੇ ਕੇਂਦਰ ਦੀ ਸੱਤਾ ਵਿਚ ਮੋਦੀ ਦੀ ਸਰਕਾਰ ਕਾਬਜ਼ ਹੋ ਗਈ ਹੈ ਪਰ ਇਸ ਸਭ ਦੌਰਾਨ ਪੰਜਾਬ ਵਿਚ ਵੋਟਾਂ ਨੂੰ ਲੈ ਕੇ ਵੱਡਾ ਫੇਰ ਬਦਲ ਦੇਖਣ ਨੂੰ ਮਿਲਿਆ ਹੈ। 2014 ਤੋਂ ਲੈ ਕੇ 2019 ਤੱਕ ਦੀਆਂ ਵਿਧਾਨ ਸਭਾ ਚੋਣਾਂ ਵਿਚ ਸਿਆਸੀ ਪਾਰਟੀਆਂ ਨੂੰ ਭੁਗਤਣ ਵਾਲੀਆਂ ਵੋਟਾਂ ਵਿਚ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ ਜਿਸਦੇ ਕਈ ਕਾਰਨ ਮੰਨੇ ਜਾ ਰਹੇ ਹਨ।

2014 ਦੇ ਵਿਚ ਜਿਥੇ ਕਾਂਗਰਸ ਨੂੰ 3 ਸ਼੍ਰੋਮਣੀ ਅਕਾਲੀ ਦਲ ਨੂੰ 4 ਆਮ ਆਦਮੀ ਪਾਰਟੀ ਨੂੰ 4 ਅਤੇ ਭਾਜਪਾ ਨੂੰ 2 ਸੀਟਾਂ ਮਿਲੀਆਂ ਸਨ ਉਥੇ 2019 ਦੇ ਮਹਾਮੁਕਾਬਲੇ ਵਿਚ ਕਾਂਗਰਸ ਨੂੰ 8 ਅਕਾਲੀ ਦਲ ਨੂੰ 2 ਭਾਜਪਾ ਨੂੰ 2 ਅਤੇ ਆਮ ਆਦਮੀ ਪਾਰਟੀ ਨੂੰ ਮਹਿਜ 1 ਸੀਟ ਹੀ ਮਿਲੀ ਹੈ। ਇਸਦੇ ਨਾਲ ਹੀ ਜੇਕਰ ਵੋਟਾਂ ਦੀ ਗੱਲ ਕਰੀਏ ਤਾਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਹੱਕ ਵਿਚ 33.10 ਵੋਟਾਂ ਭੁਗਤੀਆਂ ਸਨ ਜਦਕਿ ਸ਼੍ਰੋਮਣੀ ਅਕਾਲੀ ਦਲ ਨੂੰ 26.30 ਫ਼ੀਸਦੀ, ਭਾਜਪਾ ਨੂੰ 8.70 ਫ਼ੀਸਦੀ ਅਤੇ ਇੱਕ ਵੱਡੀ ਲਹਿਰ ਨਾਲ ਉਭਰੀ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ 24.40 ਫ਼ੀਸਦੀ ਵੋਟ ਪਾਈ ਸੀ।

ਇਸਤੋਂ ਬਾਅਦ ਜੇਕਰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਈ ਵੋਟ  ਵੱਲ ਧਿਆਨ ਮਾਰੀਏ ਤਾਂ ਕਾਂਗਰਸ ਨੂੰ ਸਭ ਤੋਂ ਵੱਧ 38.5 ਫ਼ੀਸਦੀ ਵੋਟਾਂ ਪਈਆਂ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ 23.7 ਫ਼ੀਸਦੀ , ਸ਼੍ਰੋਮਣੀ ਅਕਾਲੀ ਦਲ ਨੂੰ 25.2 ਫ਼ੀਸਦੀ, ਭਾਜਪਾ ਨੂੰ 5.4 ਫ਼ੀਸਦੀ ,ਬਹੁਜਨ ਸਮਾਜ ਪਾਰਟੀ ਨੂੰ 1.5 ਫ਼ੀਸਦੀ , ਲੋਕ ਇਨਸਾਫ ਪਾਰਟੀ ਨੂੰ 1.2 ਫ਼ੀਸਦੀ , ਸ਼੍ਰੋਮਣੀ ਅਕਾਲੀ ਦਲ ਮਾਨ ਨੂੰ 0.3 ਫ਼ੀਸਦੀ, ਆਪਣਾ ਪੰਜਾਬ ਪਾਰਟੀ ਨੂੰ 0.2 ਫ਼ੀਸਦੀ ਅਤੇ ਆਜ਼ਾਦ ਉਮੀਦਵਾਰਾਂ ਸਮੇਤ ਬਾਕੀ ਹੋਰ ਪਾਰਟੀਆਂ ਨੂੰ 2.5 ਫ਼ੀਸਦੀ ਤੋਂ ਵੱਧ ਵੋਟਾਂ ਪਈਆਂ।

ਤੁਹਾਨੂੰ ਦੱਸ ਦੇਈਏ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਨੋਟਾ ਨੂੰ ਕੁੱਲ ਵੋਟ ਦਾ 0.7 ਫ਼ੀਸਦੀ ਹਿੱਸਾ ਗਿਆ ਸੀ। 2014 ਦੀਆਂ ਆਮ ਚੋਣਾਂ ਤੋਂ ਬਾਅਦ 2017 ਵਿਚ ਪਈਆਂ ਵਿਧਾਨ ਸਭਾ ਦੀਆਂ ਚੋਣਾਂ ਪੰਜਾਬ ਦੇ ਸਿਆਸੀ ਮਹੌਲ ਦਾ ਵੱਡਾ ਬਦਲਾਅ ਸੀ ਤੇ ਇਨ੍ਹਾਂ ਚੋਣਾਂ ਦੇ ਨਤੀਜੇ ਵਿਚ ਕਾਂਗਰਸ 10 ਸਾਲ ਤੋਂ ਬਾਅਦ ਸੂਬੇ ਦੀ ਸਰਕਾਰ ਵਜੋਂ ਸਾਹਮਣੇ ਆਈ ਸੀ। ਇਸ ਤੋਂ ਬਾਅਦ ਹੁਣ 2019 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਦੇਖੀਏ ਤਾਂ ਵੋਟਰਾਂ ਦਾ ਰੁਝਾਨ ਕਾਂਗਰਸ ਵੱਲ ਜ਼ਿਆਦਾ ਦਿਖਾਈ ਦਿੱਤਾ। ਪੰਜਾਬ ਦੇ ਵੋਟਰਾਂ ਨੇ ਕਾਂਗਰਸ ਨੂੰ ਸਭ ਤੋਂ ਜਿਆਦਾ 40.12 ਫ਼ੀਸਦੀ ਵੋਟਾਂ ਪਾਈਆਂ ਤੇ ਕਾਂਗਰਸ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ 8 ਸੀਟਾਂ 'ਤੇ ਜਿੱਤ ਹਾਸਿਲ ਕੀਤੀ।

ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ 27.4 ਫ਼ੀਸਦੀ, ਆਮ ਆਦਮੀ ਪਾਰਟੀ ਨੂੰ 7.38 ਫ਼ੀਸਦੀ, ਭਾਜਪਾ ਨੂੰ 9.63 ਫ਼ੀਸਦੀ, ਬਹੁਜਨ ਸਮਾਜ ਪਾਰਟੀ ਨੂੰ 3.49 ਫ਼ੀਸਦੀ, ਸੀਪੀਆਈ ਨੂੰ 0.31 ਫ਼ੀਸਦੀ, ਸੀਪੀਐਮ ਨੂੰ 0.08 ਫ਼ੀਸਦੀ ਵੋਟਾਂ ਮਿਲੀਆਂ। ਇਸਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਬਣਾਏ ਗਏ ਪੰਜਾਬ ਜਮਹੂਰੀ ਗੱਠਜੋੜ ਨੂੰ 10.3 ਫ਼ੀਸਦੀ ਵੋਟਾਂ ਮਿਲੀਆਂ ਹਨ ਪਰ ਪੰਜਾਬ ਦੀਆਂ 13 ਲੋਕਾਂ ਸਭਾ ਸੀਟਾਂ ਵਿਚੋਂ ਕੋਈ ਵੀ ਸੀਟ ਹਾਸਿਲ ਨਹੀਂ ਹੋਈ।

ਪਰ ਇਨ੍ਹਾਂ ਚੋਣਾਂ ਦੌਰਾਨ ਨੋਟਾ ਨੂੰ ਪੈਣ ਵਾਲੀਆਂ ਵੋਟਾਂ ਦੀ ਗਿਣਤੀ ਵਿਚ ਵੱਡਾ ਵਾਧਾ ਦੇਖਣ ਨੂੰ ਮਿਲਿਆ ਤੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ 1.12 ਫ਼ੀਸਦੀ ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ। 2017 ਦੀਆਂ ਵਿਧਾਨ ਸਭਾ ਚੋਣਾਂ ਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਜੇਕਰ ਤੁਲਨਾ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਸੁਧਾਰ ਕੀਤਾ ਹੈ ਪਰ ਆਮ ਆਦਮੀ ਪਾਰਟੀ ਹਾਸ਼ੀਏ ਤੋਂ ਪਹੁੰਚ ਗਈ ਹੈ ਤੇ ਹੁਣ ਸੁਖਪਾਲ ਖਹਿਰਾ ਦਾ PDA ਗਠਜੋੜ ਆਮ ਆਦਮੀ ਪਾਰਟੀ ਦੀ ਜਗ੍ਹਾ ਲੈਂਦਾ ਨਜ਼ਰ ਆ ਰਿਹਾ ਹੈ।

-ਸੁਰਖ਼ਾਬ ਚੰਨ