ਸ਼ਰਾਬ ਦੇ ਨਜਾਇਜ਼ ਕਾਰੋਬਾਰ ’ਤੇ ਮੁੱਖ ਮੰਤਰੀ ਦੇ ਤੇਵਰ ਹੋਰ ਹੋਏ ਸਖ਼ਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਭਾਗ ਨੂੰ ਦਰੁਸਤ ਕਰਨ ਲਈ ਅਧਿਕਾਰੀਆਂ ਦੇ ਵੱਡੀ ਪੱਧਰ ’ਤੇ ਤਬਾਦਲੇ

File Photo

ਚੰਡੀਗੜ੍ਹ, 23 ਮਈ (ਗੁਰਉਪਦੇਸ਼ ਭੁੱਲਰ): ਸ਼ਰਾਬ ਦੀ ਲੀਕੇਜ ਅਤੇ ਆਬਕਾਰੀ ਵਿਭਾਗ ਨੂੰ ਪੈ ਰਹੇ ਘਾਟੇ ਦੇ ਦੋਸ਼ਾਂ ਦੇ ਚਲਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੋਧੀ ਧਿਰ ਵਲੋਂ ਲਗਾਤਾਰ ਉਠਾਏ ਜਾ ਰਹੇ ਸਵਾਲਾਂ ਦੇ ਮੱਦੇਨਜ਼ਰ ਨਾਜਾਇਜ਼ ਸ਼ਰਾਬ ਦੀ ਵਿਕਰੀ ਰੋਕਣ ਲਈ ਆਬਕਾਰੀ ਅਤੇ ਕਰ ਵਿਭਾਗ ਦੇ 100 ਤੋਂ ਵੱਧ ਅਧਿਕਾਰੀਆਂ ਦੇ ਦੋ ਦਿਨਾਂ ਦੌਰਾਨ ਤਬਾਦਲੇ ਕਰ ਕੇ ਵੱਡਾ ਫੇਰਬਦਲ ਕੀਤਾ ਗਿਆ ਹੈ। ਇਨ੍ਹਾਂ ਵਿਚ 20 ਤੋਂ ਵੱਧ ਈ.ਟੀ.ਓ. ਅਤੇ ਵੱਡੀ ਗਿਣਤੀ ਵਿਚ ਇੰਸਪੈਕਟਰ ਪੱਧਰ ਦੇ ਅਧਿਕਾਰੀ ਸ਼ਾਮਲ ਹਨ।

ਇਸ ਤੋਂ ਇਲਾਵਾ ਸੂਬੇ ਦੀਆਂ ਸ਼ਰਾਬ ਫ਼ੈਕਟਰੀਆਂ ਦੀ ਚੈਕਿੰਗ ਵੀ ਸ਼ੁਰੂ ਕੀਤੀ ਗਈ ਹੈ ਅਤੇ 15 ਤੋਂ ਵੱਧ ਫ਼ੈਕਟਰੀਆਂ ਵਿਚ ਸਟਾਕ ਚੈੱਕ ਕੀਤਾ ਗਿਆ ਹੈ। ਵਿਭਾਗ ਦੇ ਅਧਿਕਾਰੀਆਂ ਮੁਤਾਬਕ ਕਈ ਫ਼ੈਕਟਰੀਆਂ ਵਿਚ ਸਟਾਕ ਵਿਚ ਗੜਬੜੀਆਂ ਅਤੇ ਹੋਰ ਖ਼ਾਮੀਆਂ ਮਿਲੀਆਂ ਹਨ। ਇਸ ਤੋਂ ਬਾਅਦ ਹੀ ਵਿਭਾਗ ’ਚ ਕੰਮਕਾਰ ਨੂੰ ਦਰੁਸਤ ਕਰਨ ਲਈ ਵੱਡੀ ਪੱਧਰ ’ਤੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਵਿਚ ਕਈ ਉਹ ਅਧਿਕਾਰੀ ਵੀ ਤਬਦੀਲ ਕੀਤੇ ਗਏ ਹਨ ਜਿਨ੍ਹਾਂ ਅਧੀਨ ਆਉਂਦੀਆਂ ਸ਼ਰਾਬ ਫ਼ੈਕਟਰੀਆਂ ’ਚ ਗੜਬੜੀਆਂ ਮਿਲੀਆਂ ਹਨ।

ਜ਼ਿਕਰਯੋਗ ਹੈ ਕਿ ਵਿਰੋਧੀ ਪਾਰਟੀਆਂ ਵੀ ਇਹੋ ਦੇਸ਼ ਲਾ ਰਹੀਆਂ ਹਨ ਕਿ ਸ਼ਰਾਬਰ ਦੀ ਨਜਾਇਜ਼ ਵਿਕਰੀ ਦਾ ਕਾਰੋਬਾਰ ਸ਼ਰਾਬ ਫ਼ੈਕਟਰੀਆਂ (ਡਿਸਟਿਲਰੀਜ਼) ਨਾਲ ਮਿਲ ਕੇ ਹੀ ਕੀਤਾ ਜਾ ਰਿਹਾ ਹੈ। ਪਿਛਲੇ ਦਿਨਾਂ ਦੌਰਾਨ ਸੂਬੇ ਵਿਚ ਗ਼ੈਰ ਕਾਨੂੰਨੀ ਸ਼ਰਾਬ ਫ਼ੈਕਟਰੀਆਂ ਫੜੇ ਜਾਣ ਤੋਂ ਬਾਅਦ ਵੀ ਅਜਿਹੇ ਦੋਸ਼ ਲੱਗ ਰਹੇ ਸਨ। ਇਹ ਵੀ ਦਸਣਯੋਗ ਹੈ ਕਿ ਭਾਵੇਂ ਸੂਬੇ ਵਿਚ ਲਾਕਡਾਊਨ ਵਿਚ ਠੇਕੇ ਖੋਲ੍ਹਣ ਦੀ ਛੋਟ ਮਿਲ ਗਈ ਹੈ ਪਰ ਠੇਕੇ ਖੁਲ੍ਹਣ ਤੋਂ ਬਾਅਦ ਵੀ ਕਾਰੋਬਾਰ ਮੰਦਾ ਹੈ ਅਤੇ ਕਈ ਠੇਕੇਦਾਰ ਠੇਕੇ ਤੱਕ ਛੱਡਣ ਲਈ ਤਿਆਰ ਹਨ,

ਜਿਸ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਹੋਰ ਸਖ਼ਤ ਰੁਖ ਅਖ਼ਤਿਆਰ ਕੀਤਾ ਹੈ। ਉਹ ਡੀ.ਜੀ.ਪੀ. ਨੂੰ ਵੀ ਪਹਿਲਾਂ ਹੀ ਨਾਜਾਇਜ਼ ਸ਼ਰਾਬ ਦੀ ਵਿਕਰੀ ਰੋਕਣ ਲਈ ਸਖ਼ਤ ਹਦਾਇਤਾਂ ਜਾਰੀ ਕਰ ਚੁੱਕੇ ਹਨ। ਮੁੱਖ ਮੰਤਰੀ ਨੇ ਸਪੱਸ਼ਟ ਕਿਹਾ ਹੈ ਕਿ ਜਿਸ ਇਲਾਕੇ ਵਿਚ ਸ਼ਰਾਬ ਦੀ ਨਜਾਇਜ਼ ਵਿਕਰੀ ਦਾ ਕਾਰੋਬਾਰ ਫੜਿਆ ਜਾਂਦਾ ਹੈ ਉਸ ਲਈ ਡੀ.ਐਸ.ਪੀ. ਤੇ ਇਲਾਕੇ ਦੇ ਐਸ.ਐਚ.ਓ. ਦੀ ਜਵਾਬਦੇਹੀ ਹੋਵੇਗੀ।

ਨਾਜਾਇਜ਼ ਸ਼ਰਾਬ ਦੀ ਵਿਕਰੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ : ਵੇਨੂੰ ਪ੍ਰਸ਼ਾਦ
ਇਸੇ ਦੌਰਾਨ ਆਬਕਾਰੀ ਤੇ ਕਰ ਵਿਭਾਗ ਵਿਚ ਮੁੱਖ ਮੰਤਰੀ ਵਲੋਂ ਤੈਨਾਤ ਨਵੇਂ ਪ੍ਰਮੁੱਖ ਸਕੱਤਰ ਏ. ਵੇਨੂੰ ਪ੍ਰਸ਼ਾਦ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੜੇ ਸਖ਼ਤ ਹੁਕਮ ਹਨ ਤੇ ਨਾਜਾਇਜ਼ ਸ਼ਰਾਬ ਦੀ ਵਿਕਰੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੁਲਿਸ ਦੀ ਮਦਦ ਨਾਲ ਪਿਛਲੇ ਦਿਨਾਂ ਵਿਚ ਵੱਡੀ ਮਾਤਰਾ ਵਿਚ ਲਾਹਨ ਅਤੇ ਕੱਚੀ ਸ਼ਰਾਬ ਅਤੇ ਹੋਰ ਸਾਜ਼ੋ ਸਮਾਲ ਫੜਿਆ ਹੈ। ਵਿਭਾਗ ਦੇ ਅਧਿਕਾਰੀਆਂ ਦੀ ਨਾਜਾਇਜ਼ ਸ਼ਰਾਬ ਕਾਰੋਬਾਰੀਆਂ ਨਾਲ ਮਿਲੀਭੁਗਤ ਦੇ ਮਾਮਲਿਆਂ ਵਿਚ ਵੀ ਸਖ਼ਤ ਕਾਰਵਾਈ ਹੋਵੇਗੀ। ਸ਼ਰਾਬ ਫ਼ੈਕਟਰੀਆਂ ਦੀ ਚੈਕਿੰਗ ਵਿਚ ਕੁੱਝ ਗੜਬੜੀਆਂ ਸਾਹਮਣੇ ਆਈਆਂ ਹਨ ਅਤੇ ਅਧਿਕਾਰੀ ਇਸ ਲਈ ਬਦਲੇ ਵੀ ਗਏ ਹਨ।