ਖੂਹ ਵਿਚ ਡਿੱਗਣ ਕਾਰਨ ਵਿਅਕਤੀ ਦੀ ਮੌਤ
ਨੇੜਲੇ ਪਿੰਡ ਗਹਿਰੀ ਬੁੱਟਰ ਦੇ ਖੇਤਾਂ ਵਿਚ ਬੀਤੀ ਰਾਤ ਪਿੰਡ ਕੋਟਗੁਰੂ ਦੇ ਨੌਜਵਾਨ ਦੀ ਟਿਊਬਵੈੱਲ ਦੇ ਖੂਹ
ਰਾਮਾਂ ਮੰਡੀ, 22 ਮਈ (ਅਰੋੜਾ): ਨੇੜਲੇ ਪਿੰਡ ਗਹਿਰੀ ਬੁੱਟਰ ਦੇ ਖੇਤਾਂ ਵਿਚ ਬੀਤੀ ਰਾਤ ਪਿੰਡ ਕੋਟਗੁਰੂ ਦੇ ਨੌਜਵਾਨ ਦੀ ਟਿਊਬਵੈੱਲ ਦੇ ਖੂਹ ’ਚ ਡਿੱਗਣ ਨਾਲ ਮੌਤ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਗਹਿਰੀ ਬੁੱਟਰ ਦੇ ਕਾਂਗਰਸ ਆਗੂ ਗੁਰਮੀਤ ਸਿੰਘ ਨੇ ਦਸਿਆ ਕਿ ਪਿੰਡ ਕੋਟਗੁਰੂ ਵਾਸੀ ਮੰਗਲ ਸਿੰਘ (35) ਪੁੱਤਰ ਬੰਤ ਸਿੰਘ ਪਿੰਡ ਫੁੱਲ ਮੱਠੀ ਵਾਸੀ ਗੁਰਪ੍ਰੀਤ ਸਿੰਘ ਦੇ ਟ੍ਰੈਕਟਰ ਉਤੇ ਡਰਾਈਵਰੀ ਕਰਦਾ ਸੀ ਅਤੇ ਬੀਤੇ ਦਿਨ ਗਹਿਰੀ ਬੁੱਟਰ ਦੇ ਕਿਸਾਨ ਇਕਬਾਲ ਸਿੰਘ ਵਲੋਂ ਠੇਕੇ ਉਤੇ ਲਏ ਖੇਤ ਵਿਚ ਕੰਪਿਊਟਰ ਕਰਾਹਾ ਲਗਾ ਰਿਹਾ ਸੀ।
ਉਸ ਦੇ ਨਾਲ ਦੂਸਰੇ ਟੈਕਟਰ ਉਤੇ ਇਕਬਾਲ ਸਿੰਘ ਅਤੇ ਉਸ ਦਾ ਸੀਰੀ ਮਲਕੀਤ ਸਿੰਘ ਵੀ ਖੇਤ ਵਿਚ ਕੰਮ ਕਰ ਰਹੇ ਸਨ ਜਦ ਰਾਤ ਵੇਲੇ ਘਰ ਪਰਤਣ ਲੱਗੇ ਤਾਂ ਇਕਬਾਲ ਸਿੰਘ ਤਅੇ ਮਲਕੀਤ ਸਿੰਘ ਇਕ ਟੈਕਟਰ ਉਤੇ ਸਵਾਰ ਹੋ ਕੇ ਪਿੰਡ ਦੇ ਕੱਚੇ ਰਾਹ ਉਤੇ ਪਹੁੰਚ ਗਏ ਅਤੇ ਮੰਗਲ ਸਿੰਘ ਅਪਣਾ ਟਰੈਕਟਰ ਸਟਾਰਟ ਕਰ ਕੇ ਉਥੇ ਹੀ ਰੁਕਿਆ ਰਿਹਾ। ਕੱਚੇ ਰਾਹ ਉਤੇ ਖੜੇ ਦੂਸਰੇ ਟੈਕਟਰ ਵਾਲਿਆਂ ਨੇ ਜਦੋਂ ਕੁੱਝ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਟਰੈਕਟਰ ਕੋਲ ਵਾਪਸ ਜਾ ਕੇ ਦੇਖਿਆ ਤਾਂ ਸਟਾਰਟ ਖੜ੍ਹੇ ਟ੍ਰੈਕਟਰ ਕੋਲ ਮੰਗਲ ਸਿੰਘ ਉਨ੍ਹਾਂ ਨੂੰ ਨਹੀਂ ਮਿਲਿਆ ਜਦ ਉਨ੍ਹਾਂ ਮੰਗਲ ਦੀ ਤਲਾਸ਼ ਕੀਤੀ ਤਾਂ ਪੱਕੇ ਖਾਲ ਦੇ ਨਾਲ ਪੈਂਦੇ ਟਿਊਬਵੈੱਲ ਦੇ ਖੂਹ ’ਚੋਂ ਕੁੱਝ ਅਵਾਜ਼ ਆਈ ਅਤੇ ਜਦੋਂ ਉਨ੍ਹਾਂ ਕੋਲ ਜਾ ਕੇ ਦੇਖਿਆ ਤਾਂ ਗੰਭੀਰ ਜ਼ਖ਼ਮੀ ਹਾਲਤ ਵਿਚ ਉਹ ਖੂਹ ਅੰਦਰ ਪਿਆ ਤੜਫ਼ ਰਿਹਾ ਸੀ।
ਹੋਰਨਾਂ ਪਿੰਡ ਵਾਸੀਆਂ ਦੀ ਮਦਦ ਨਾਲ ਉਸ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿਤਾ। ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਦਸਿਆ ਕਿ ਮਿ੍ਰਤਕ ਮੰਗਲ ਸਿੰਘ ਦੀ ਪਤਨੀ ਮਨਜੋਤ ਕੌਰ ਦੇ ਬਿਆਨਾ ਉਤੇ 174 ਦੀ ਕਾਰਵਾਈ ਲਈ ਮਿ੍ਰਤਕ ਦੀ ਲਾਸ਼ ਦਾ ਪੋਸਟ ਮਾਰਟਮ ਨੂੰ ਕਰਵਾਇਆ ਜਾ ਰਿਹਾ ਹੈ। ਮਿ੍ਰਤਕ ਤਿੰਨ ਭੈਣਾਂ ਦਾ ਇਕਲੌਤਾ ਅਪਣੇ ਪਿੱਛੇ ਪਤਨੀ ਤੋਂ ਇਲਾਵਾ ਤਿੰਨ ਨਿੱਕੇ ਨਿਆਣੇ ਵੀ ਛੱਡ ਗਿਆ। ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੀੜਤ ਪਵਿਾਰ ਦੀ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ।