ਪੰਜਾਬ ਆਉਣ ਵਾਲਿਆਂ ਨੂੰ ਘਰਾਂ ਵਿਚ 14 ਦਿਨ ਇਕਾਂਤਵਾਸ ’ਚ ਰਹਿਣਾ ਪਵੇਗਾ : ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਸੂਬੇ ਵਿਚ ਰੁਕਣ ਵਾਲੇ ਮਜ਼ਦੂਰਾਂ ਦਾ ਧਨਵਾਦ ਜਿਨ੍ਹਾਂ ਸਦਕਾ ਉਦਯੋਗਾਂ ਦਾ ਕੰਮ ਸ਼ੁਰੂ ਹੋਇਆ

File Photo

ਚੰਡੀਗੜ੍ਹ, 23 ਮਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੀ ਮੁਲਕ ਵਿਚੋਂ ਸੱਭ ਤੋਂ ਵੱਧ 90 ਫ਼ੀ ਸਦੀ ਰਿਕਵਰੀ ਦਰ ਹੋਣ ਦੇ ਬਾਵਜੂਦ ਕਿਸੇ ਤਰ੍ਹਾਂ ਸੰਤੁਸ਼ਟ ਹੋਣ ਨੂੰ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਘਰੇਲੂ ਉਡਾਨਾਂ, ਰੇਲਾਂ ਅਤੇ ਬਸਾਂ ਰਾਹੀਂ ਸੂਬੇ ਵਿਚ ਆਉਣ ਵਾਲੇ ਹਰੇਕ ਵਿਅਕਤੀ ਨੂੰ ਲਾਜ਼ਮੀ ਤੌਰ ’ਤੇ 14 ਦਿਨਾਂ ਲਈ ਘਰੇਲੂ ਏਕਾਂਤਵਾਸ ਵਿਚ ਰਹਿਣਾ ਪਵੇਗਾ।

ਫੇਸਬੁੱਕ ’ਤੇ ‘ਕੈਪਟਨ ਨੂੰ ਸਵਾਲ’ ਨਾਂ ਦੇ ਲਾਈਵ ਪ੍ਰੋਗਰਾਮ ਦੌਰਾਨ ਸਵਾਲਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਦਾਖ਼ਲ ਹੋਣ ਵਾਲਿਆਂ ਦੀ ਜਾਂਚ ਸੂਬੇ ਅਤੇ ਜ਼ਿਲਿ੍ਹਆਂ ਦੇ ਪ੍ਰਵੇਸ਼ ਲਾਂਘਿਆਂ ਦੇ ਨਾਲ-ਨਾਲ ਰੇਲਵੇ ਸਟੇਸ਼ਨ ਅਤੇ ਹਵਾਈ ਅੱਡਿਆਂ ’ਤੇ ਕੀਤੀ ਜਾਵੇਗੀ ਅਤੇ ਜਿਨ੍ਹਾਂ ਵਿਚ ਲੱਛਣ ਪਾਏ ਜਾਣਗੇ, ਉਨ੍ਹਾਂ ਨੂੰ ਸੰਸਥਾਗਤ ਏਕਾਂਤਵਾਸ ਵਿਚ ਰਖਿਆ ਜਾਵੇਗਾ ਜਦਕਿ ਬਾਕੀਆਂ ਨੂੰ ਦੋ ਹਫ਼ਤਿਆਂ ਲਈ ਘਰ ਵਿਚ ਏਕਾਂਤਵਾਸ ’ਚ ਰਹਿਣਾ ਹੋਵੇਗਾ। 
ਉਨ੍ਹਾਂ ਕਿਹਾ ਕਿ ਰੈਪਿਡ ਟੈਸਟਿੰਗ ਟੀਮਾਂ ਘਰਾਂ ਵਿਚ ਏਕਾਂਤਵਾਸ ਵਿੱਚ ਰੱਖੇ ਵਿਅਕਤੀਆਂ ਦੀ ਜਾਂਚ ਕਰਨੀਆਂ ਜਦਕਿ ਲੱਛਣ ਵਾਲੇ ਵਿਅਕਤੀਆਂ ਦੀ ਵਿਸਥਾਰਤ ਜਾਂਚ ਹਸਪਤਾਲਾਂ/ਅਲਹਿਦਗੀ ਕੇਂਦਰਾਂ ਵਿਚ ਕੀਤੀ ਜਾਵੇਗੀ।

ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਵਿਸ਼ਵ ਜਾਂ ਮੁਲਕ ਦੇ ਕਿਸੇ ਵੀ ਹਿੱਸੇ ਵਲੋਂ ਟੈਸਟ ਸਬੰਧੀ ਜਾਰੀ ਕੀਤੇ ਸਰਟੀਫ਼ਿਕੇਟ ’ਤੇ ਭਰੋਸਾ ਨਹੀਂ ਕਰੇਗੀ। ਉਨ੍ਹਾਂ ਪੂਰੀ ਤਰ੍ਹਾਂ ਸੁਚੇਤ ਰਹਿਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਵੱਡੀ ਗਿਣਤੀ ਵਿਚ ਪੰਜਾਬੀ ਘਰ ਪਰਤ ਰਹੇ ਹਨ ਅਤੇ ਵੱਧ ਤੋਂ ਵੱਧ ਨਿਵੇਸ਼ਕਾਰ ਸੂਬੇ ਵਿਚ ਅਪਣਾ ਕਾਰੋਬਾਰ ਮੁੜ ਸ਼ੁਰੂ ਕਰਨ ਵਿਚ ਦਿਲਚਸਪੀ ਦਿਖਾ ਰਹੇ ਹਨ। ਉਨ੍ਹਾਂ ਕਿਹਾ,‘‘ਅਸੀਂ ਪੰਜਾਬ ਵਿਚ ਮਹਾਂਮਾਰੀ ਨੂੰ ਹੋਰ ਨਹੀਂ ਫੈਲਣ ਦੇਵਾਂਗੇ ਅਤੇ ਸੂਬਾ ਹੁਣ ਤਕ ਬਿਹਤਰ ਢੰਗ ਨਾਲ ਨਿਯੰਤਰਣ ਕਰ ਕੇ ਸਥਿਤੀ ਨੂੰ ਕਾਬੂ ਕਰਨ ਵਿਚ ਸਫ਼ਲ ਰਿਹਾ। ਉਨ੍ਹਾਂ ਕਿਰਤੀਆਂ ਦਾ ਵੀ ਧਨਵਾਦ ਕੀਤਾ ਜਿਨ੍ਹਾਂ ਨੇ ਵਾਪਸ ਜਾਣ ਦੀ ਬਜਾਏ ਇਥੇ ਰੁਕ ਕੇ ਪੰਜਾਬ ਦੀ ਆਰਥਕ ਮਜ਼ਬੂਤੀ ਵਿਚ ਅਪਣਾ ਯੋਗਦਾਨ ਪਾਉਣ ਦਾ ਰਸਤਾ ਚੁਣਿਆ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਦੌਰਾਨ ਉਨ੍ਹਾਂ ਦੀ ਸਰਕਾਰ ਵੱਖ-ਵੱਖ ਮੁਲਕਾਂ ਦੇ ਦੂਤਘਰਾਂ ਤੱਕ ਜ਼ੋਰਦਾਰ ਢੰਗ ਨਾਲ ਪਹੁੰਚ ਕਰ ਰਹੀ ਹੈ, ਜਿਹੜੇ ਮੁਲਕ ਚੀਨ ਤੋਂ ਬਾਹਰ ਆਪਣੇ ਮੈਨੂਫੈਕਚਰਿੰਗ/ਕਾਰੋਬਾਰ ਨੂੰ ਸ਼ਿਫ਼ਟ ਕਰਨ ਦੀ ਕੋਸ਼ਿਸ਼ ਵਿਚ ਹਨ। ਉਨ੍ਹਾਂ ਦਸਿਆ ਕਿ ਸੂਬੇ ਦੇ ਵੱਖ-ਵੱਖ ਦੂਤਘਰਾਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਉਨ੍ਹਾਂ ਨੂੰ ਜ਼ਮੀਨ, ਬੁਨਿਆਦੀ ਢਾਂਚਾ ਅਤੇ ਹੋਰ ਸਹੂਲਤਾਂ ਦੇ ਰੂਪ ਵਿਚ ਸਹਿਯੋਗ ਲਈ ਹਰ ਸੰਭਵ ਪੇਸ਼ਕਸ਼ ਕੀਤੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦਸਿਆ ਕਿ ਕੋਵਿਡ ਤੋਂ ਬਾਅਦ ਸੂਬੇ ਦੇ ਅਰਥਚਾਰੇ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਦੇ ਸੰਦਰਭ ਵਿਚ ਉਨ੍ਹਾਂ ਦੀ ਸਰਕਾਰ ਨੇ ਇਸ ਸਬੰਧ ਵਿੱਚ ਵੱਖ-ਵੱਖ ਮੁਲਕਾਂ ਦੇ ਦੂਤਘਰਾਂ ਨੂੰ ਪੱਤਰ ਲਿਖੇ ਹਨ

ਅਤੇ ਸਰਕਾਰ ਭਾਰਤ ਵਿੱਚ ਜਪਾਨ, ਕੋਰੀਆ ਅਤੇ ਤਾਇਵਾਨ ਦੇ ਸਫ਼ਾਰਤਖਾਨਿਆਂ ਨਾਲ ਗੱਲਬਾਤ ਵਿੱਚ ਜੁਟੀ ਹੋਈ ਹੈ। ਮੁੱਖ ਮੰਤਰੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਸਥਿਤੀ ਨੂੰ ਕਾਬੂ ਹੇਠ ਰਖਣ ਲਈ ਸਮਾਜਕ ਦੂਰੀ ਅਤੇ ਮਾਸਕ ਨੂੰ ਜ਼ਰੂਰੀ ਤੌਰ ’ਤੇ ਪਹਿਨਣ ਦੇ ਨਿਯਮਾਂ ਨੂੰ ਸਖ਼ਤੀ ਨਾਲ ਅਪਣਾਉਣ ਦੀ ਜ਼ਰੂਰਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ  ਵਲੋਂ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕਰਨ ਲਈ ਪੁਲਿਸ ਨੂੰ ਨਿਰਦੇਸ਼ ਦਿਤੇ ਗਏ ਹਨ।