ਮੋਦੀ ਸਰਕਾਰ ਭੁਲੇਖੇ ’ਚ ਨਾ ਰਹੇ ਮੁੜ ਹੋ ਸਕਦੈ ਟਰੈਕਟਰ ਮਾਰਚ : ਰਾਕੇਸ਼ ਟਿਕੈਤ
ਸਨਮਾਨਜਨਕ ਜਿੱਤ ਤਕ ਅੰਦੋਲਨ ਜਾਰੀ ਰੱਖਣ ਦੀ ਗੱਲ ਆਖੀ
ਚੰਡੀਗੜ੍ਹ(ਗੁਰਉਪਦੇਸ਼ ਭੁੱਲਰ): ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਰਾਕੇਸ਼ ਟਿਕੈਤ ਨੇ ਮੋਦੀ ਸਰਕਾਰ ਨੂੰ ਚੇਤਾਵਨੀ ਦੇ ਲਹਿਜੇ ਵਿਚ ਕਿਹਾ ਹੈ ਕਿ ਉਹ ਭੁਲੇਖੇ ਵਿਚ ਨਾ ਰਹੇ ਅਤੇ ਲੋੜ ਪੈਣ ’ਤੇ ਦਿਲੀ ਵਲ ਟਰੈਕਟਰ ਮਾਰਚ ਮੁੜ ਹੋ ਸਕਦਾ ਹੈ। ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੇ ਸੰਧੂ ਦੇ ਭੋਗ ਵਿਚ ਸ਼ਾਮਲ ਹੋਣ ਆਏ ਇਸ ਕਿਸਾਨ ਨੇਤਾ ਨੇ ਚੰਡੀਗੜ੍ਹ ਕੁੱਝ ਸਮਾਂ ਰੁਕਣ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਜ਼ਰੂਰੀ ਨਹੀਂ ਕਿ 26 ਜਨਵਰੀ ਨੂੰ ਹੀ ਮਾਰਚ ਹੋਵੇ।
ਹਰ ਮਹੀਨੇ 26 ਤਰੀਕ ਆਉਂਦੀ ਹੈ ਅਤੇ ਮੋਰਚਾ ਕਿਸੇ ਵੀ ਸਮੇਂ ਸਥਿਤੀਆਂ ਮੁਤਾਬਕ ਫ਼ੈਸਲਾ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਟਰੈਕਟਰ ਵੀ ਭਾਰਤ ਵਿਚ ਹਨ ਤੇ ਕਿਸਾਨ ਵੀ ਭਾਰਤ ਦੇ ਹੀ ਹਨ, ਕੋਈ ਬਾਹਰਲੇ ਮੁਲਕ ਤੋਂ ਨਹੀਂ ਅਉਣੇ। ਇਸ ਕਰ ਕੇ ਅਜਿਹੇ ਮਾਰਚ ਕਿਸੇ ਵੀ ਸਮੇਂ ਕਰਨੇ ਕੋਈ ਔਖਾ ਕੰਮ ਨਹੀਂ। ਉਨ੍ਹਾਂ 26 ਜਨਵਰੀ ਦੇ ਮਾਰਚ ਵਿਚ ਤਿਰੰਗੇ ਦੇ ਅਪਮਾਨ ਦੀ ਗੱਲ ਤੋਂ ਵੀ ਇਨਕਾਰ ਕੀਤਾ।
ਉਨ੍ਹਾਂ ਕਿਹਾ ਕਿ ਅਸਲ ਵਿਚ ਇਹ ਸੱਭ ਕੇਂਦਰ ਦੀ ਹੀ ਅੰਦੋਲਨ ਨੂੰ ਬਦਨਾਮ ਕਰਨ ਦੀ ਸੋਚੀ ਸਮਝੀ ਸਾਜ਼ਸ਼ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜਿੰਨੇ ਵੀ ਲੋਕਾਂ ਉਪਰ ਲਾਲ ਕਿਲ੍ਹੇ ਦੇ ਮਾਮਲੇ ਦਰਜ ਕੀਤੇ ਹਨ ਉਹ ਸੱਭ ਬੇਕਸੂਰ ਹਨ, ਭਾਵੇਂ ਦੀਪ ਸਿੱਧੂ ਹੋਵੇ ਜਾਂ ਕੋਈਂ ਹੋਰ। ਉਨ੍ਹਾਂ ਕਿਹਾ ਕਿ ਅਸੀਂ ਗੱਲਬਾਤ ਲਈ ਹਰ ਸਮੇਂ ਤਿਆਰ ਹਾਂ ਪਰ ਸਰਕਾਰ ਵਲੋਂ ਕੋਈ ਸੱਦਾ ਨਹੀਂ ਮਿਲਿਆ।
ਉਨ੍ਹਾਂ ਕਿਹਾ ਕਿ ਅਸੀਂ ਵੀ ਪਿੱਛੇ ਹਟਣ ਵਾਲੇ ਨਹੀਂ ਅਤੇ ਤਿੰਨ ਕਾਨੂੰਨ ਵਾਪਸ ਕਰਵਾਏ ਅਤੇ ਐਮ ਐਸ ਪੀ ਦੀ ਗਾਰੰਟੀ ਬਿਨਾ ਘਰਾਂ ਨੂੰ ਨਹੀਂ ਮੁੜਾਂਗੇ ਭਾਵੇ ਕਿੰਨਾ ਹੀ ਸਮਾਂ ਬੈਠਣਾ ਪਏ, ਜਿੱਤ ਤਕ ਮੋਰਚਾ ਜਾਰੀ ਰਹੇਗਾ। ਉਨ੍ਹਾਂ ਕਿਹ ਕਿ ਭਾਜਪਾ ਦੇਸ਼ ਲਈ ਬਹੁਤ ਘਾਤਕ ਹੈ ਅਤੇ ਇਹ ਦੇਸ਼ ਨੂੰ ਤੋੜਨ ਵਾਲੀ ਪਾਰਟੀ ਹੈ। ਕਿਸਾਨ ਦੇਸ਼ ਭਰ ਵਿਚ ਭਾਜਪਾ ਵਿਰੁਧ ਅਪਣੀ ਮੁਹਿੰਮ ਵੀ ਹੋਰ ਤੇਜ਼ ਕਰਨਗੇ।
ਕੋਰੋਨਾ ਦੇ ਮੁੱਦੇ ’ਤੇ ਟਿਕੈਤ ਨੇ ਕਿਹਾ ਕਿ ਜਾਣ ਬੁਝ ਕੇ ਕਿਸਾਨਾਂ ਨੂੰ ਬਦਨਾਮ ਕਰ ਕੇ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਸ਼ਾਂ ਚਲ ਰਹੀਆਂ ਹਨ ਅਤੇ ਹਰਿਆਣਾ ਸਰਕਾਰ ਕੇਂਦਰ ਦੇ ਸਲਾਹਕਾਰ ਵਜੋਂ ਕੰਮ ਕਰ ਰਹੀ ਹੈ ਤੇ ਕੋਰੋਨਾ ਬਾਰੇ ਕਿਸਾਨ ਅੰਦੋਲਨ ਨੂੰ ਲੈ ਕੇ ਗ਼ਲਤ ਪ੍ਰਚਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਵੈਕਸੀਨ ਲਗਾਉਣ ਦਾ ਵਿਰੋਧ ਨਹੀਂ ਕੀਤਾ ਪਰ ਹਰਿਆਣਾ ਸਰਕਾਰ ਨੇ ਅੱਜ ਤਕ ਮੋਰਚੇ ਵਿਚ ਟੀਕਾਕਰਨ ਲਈ ਇਕ ਵੀ ਡਾਕਟਰੀ ਟੀਮ ਨਹੀਂ ਭੇਜੀ।