ਕਿਸਾਨ ਅੰਦੋਲਨ ਦੇ ਸਮਰਥਨ 'ਚ ਨਵਜੋਤ ਸਿੱਧੂ ਦਾ ਐਲ਼ਾਨ, ਅਪਣੇ ਘਰ ਦੀ ਛੱਤ ’ਤੇ ਲਹਿਰਾਉਣਗੇ ਕਾਲਾ ਝੰਡਾ
ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਅਹਿਮ ਐਲਾਨ ਕਰਦਿਆਂ ਕਿਹਾ ਕਿ ਉਹ ਅਪਣੇ ਘਰ ਦੀਆਂ ਛੱਤਾਂ ਉੱਤੇ ਕਾਲਾ ਝੰਡਾ ਲਹਿਰਾਉਣਗੇ।
ਚੰਡੀਗੜ੍ਹ: ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਅਹਿਮ ਐਲਾਨ ਕਰਦਿਆਂ ਕਿਹਾ ਕਿ ਉਹ ਅਪਣੇ ਘਰ ਦੀਆਂ ਛੱਤਾਂ ਉੱਤੇ ਕਾਲਾ ਝੰਡਾ ਲਹਿਰਾਉਣਗੇ। ਉਹਨਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਜਦ ਤੱਕ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਅਜਿਹਾ ਕੀਤਾ ਜਾਵੇ। ਇ
ਸ ਦੇ ਨਾਲ ਹੀ ਉਹਨਾਂ ਨੇ ਕਿਸਾਨਾਂ ਦੇ ਨਾਲ ਅਪਣੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ। ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ, ‘ਮੈਂ ਕੱਲ੍ਹ ਸਵੇਰ 9:30 ਵਜੇ ਆਪਣੇ ਦੋਹਾਂ ਘਰਾਂ (ਅੰਮ੍ਰਿਤਸਰ ਅਤੇ ਪਟਿਆਲਾ) 'ਤੇ ਕਿਸਾਨ ਅੰਦੋਲਨ ਦੇ ਸਮਰਥਨ 'ਚ ਕਾਲਾ ਝੰਡਾ ਲਹਿਰਾਵਾਂਗਾ’।
ਨਵਜੋਤ ਸਿੱਧੂ ਨੇ ਅੱਗੇ ਸਾਰਿਆਂ ਨੂੰ ਅਪੀਲ ਕਰਦਿਆਂ ਕਿਹਾ, ‘ਮੇਰੀ ਸਭ ਨੂੰ ਬੇਨਤੀ ਹੈ ਕਿ ਜਦ ਤੱਕ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਜਾਂ ਫਿਰ ਸੂਬਾ ਸਰਕਾਰ ਰਾਹੀਂ ਫ਼ਸਲਾਂ ਦੀ ਖ੍ਰੀਦ ਤੇ ਜਿਣਸਾਂ 'ਤੇ ਐਮ.ਐਸ.ਪੀ. ਯਕੀਨੀ ਬਣਾਉਣ ਲਈ ਕੋਈ ਵਿਕਲਪਕ ਹੱਲ ਨਹੀਂ ਕੱਢਿਆ ਜਾਂਦਾ ਤਦ ਤੱਕ ਅਜਿਹਾ (ਹਰ ਛੱਤ 'ਤੇ ਕਾਲਾ ਝੰਡਾ) ਕੀਤਾ ਜਾਵੇ’।
26 ਮਈ ਦੇ ਕਿਸਾਨੀ ਪ੍ਰਦਰਸ਼ਨ ਨੂੰ ਕਾਂਗਰਸ ਸਮੇਤ 12 ਵਿਰੋਧੀ ਧਿਰਾਂ ਦਾ ਮਿਲਿਆ ਸਮਰਥਨ
ਦੱਸ ਦਈਏ ਕਿ ਦੇਸ਼ ਦੇ 12 ਪ੍ਰਮੁੱਖ ਵਿਰੋਧੀ ਧਿਰਾਂ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁਧ ਦਿੱਲੀ ਦੀ ਸਰਹੱਦਾਂ ’ਤੇ ਜਾਰੀ ਕਿਸਾਨਾਂ ਦੇ ਅੰਦੋਲਨ ਦੇ 6 ਮਹੀਨੇ ਪੂਰੇ ਹੋਣ ਦੇ ਮੌਕੇ ’ਤੇ 26 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਸੱਦੇ ਗਏ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਨੂੰ ਅਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਕ ਸਾਂਝੇ ਬਿਆਨ ’ਚ ਇਹ ਜਾਣਕਾਰੀ ਦਿਤੀ ਗਈ ਹੈ।
ਬਿਆਨ ’ਤੇ ਸੋਨੀਆ ਗਾਂਧੀ (ਕਾਂਗਰਸ), ਐਚ.ਡੀ.ਦੇਵਗੌੜਾ (ਜਦ-ਐਸ), ਸ਼ਰਦ ਪਵਾਰ (ਰਾਕਾਂਪਾ), ਮਮਤਾ ਬੈਨਰਜੀ (ਟੀ.ਐਮ.ਸੀ), ਉਧਵ ਠਾਕਰੇ (ਸ਼ਿਵਸੈਨਾ), ਐਮ.ਕੇ ਸਟਾਲਿਨ (ਡੀ.ਐਮ.ਕੇ), ਹੇਮੰਤ ਸੋਰੇਨ (ਝਾਮੁਮੋ), ਫ਼ਾਰੁਕ ਅਬਦੁੱਲਾ (ਜੇਕੇਪੀਏ), ਅਖਿਲੇਸ਼ ਯਾਦਵ (ਸਪਾ), ਤੇਜਸਵੀ ਯਾਦਵ (ਰਾਜਦ), ਡੀ.ਰਾਜਾ (ਭਾਕਪਾ) ਅਤੇ ਸੀਤਾਰਾਮ ਯੇਚੁਰੀ (ਮਾਕਪਾ) ਨੇ ਦਸਤਖ਼ਤ ਕੀਤੇ ਹਨ।