ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 26 ਮਈ ਨੂੰ ਸਰਕਾਰ ਖ਼ਿਲਾਫ਼ ਕੀਤੇ ਜਾਣਗੇ ਅਰਥੀ ਫੂਕ ਮੁਜ਼ਾਹਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਸਰਕਾਰ ਕਿਸਾਨਾਂ ਦੇ ਹੱਕ ਵਿਚ ਨਹੀਂ ਸਗੋਂ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਹੈ- ਸਰਵਣ ਸਿੰਘ ਪੰਧੇਰ

Sarvan Singh Pandher

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਪੰਧੇਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਕਿ 26 ਮਈ ਨੂੰ ਕਿਸਾਨ ਅੰਦੋਲਨ ਨੂੰ ਛੇ ਮਹੀਨੇ ਹੋਣ ਜਾ ਰਹੇ ਹਨ ਜਿਸ ਦੇ ਚਲਦਿਆਂ ਥਾਂ-ਥਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ ਅਤੇ ਲੋਕਾਂ ਨੂੰ ਕਿਸਾਨੀ ਸੰਘਰਸ਼ ਪ੍ਰਤੀ ਸੁਚੇਤ ਕੀਤਾ ਜਾਵੇਗਾ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਖ-ਵੱਖ ਪਿੰਡਾ ਵਿਚ ਜਾ ਕੇ ਲੋਕਾਂ ਨੂੰ ਕਿਸਾਨੀ ਅੰਦੋਲਨ ਪ੍ਰਤੀ ਪ੍ਰੇਰਿਤ ਕੀਤਾ ਜਾਵੇਗਾ। ਲੋਕਾਂ ਨੂੰ ਦੱਸਿਆ ਜਾਵੇਗਾ ਕਿ ਮੋਦੀ ਸਰਕਾਰ ਆਪਣੇ ਤਾਨਾਸ਼ਾਹੀ ਰਵੱਈਏ ਕਾਰਨ ਜਿਦ ’ਤੇ ਅੜੀ ਹੈ, ਇਸ ਲਈ ਇਹ ਅੰਦੋਲਨ ਹੋਰ ਲੰਮਾ ਜਾਣ ਦੀ ਉਮੀਦ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪਿੰਡਾਂ ਵਿਚ 25, 26, 27 ਮਈ ਨੂੰ ਇਸ ਸੰਬਧੀ ਪ੍ਰੋਗਰਾਮ ਉਲੀਕੇ ਜਾਣਗੇ।

ਪੰਧੇਰ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਲੋਕਤੰਤਰ ਢਾਂਚੇ ਨੂੰ ਕੁਚਲਣ ਦੀ ਕੌਸ਼ਿਸ਼ ਨਾ ਕਰੇ ਕਿਉਂਕਿ ਜੇਕਰ ਅਜਿਹਾ ਕੀਤਾ ਤਾਂ ਤੁਹਾਨੂੰ ਦੇਸ਼ ਦੇ ਕਿਸਾਨ ਅਤੇ ਮਜ਼ਦੂਰ ਤੁਹਾਨੂੰ ਚੈਨ ਨਾਲ ਸੌਂਣ ਨਹੀਂ ਦੇਣਗੇ।

ਪੰਜਾਬ ਸਰਕਾਰ ’ਤੇ ਹਮਲਾ ਬੋਲਦਿਆਂ ਕਿਸਾਨ ਆਗੂ ਨੇ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਦੇ ਹੱਕ ਵਿਚ ਨਹੀਂ ਸਗੋਂ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਹੈ। ਉਹਨਾਂ ਕਿਹਾ ਪੰਜਾਬ ਸਰਕਾਰ ਕੋਰੋਨਾ ਦੀ ਆੜ ਵਿਚ ਸੰਘਰਸ਼ ਨੂੰ ਖਤਮ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਪੰਜਾਬ ਸਰਕਾਰ ਕੋਰੋਨਾ ਨਾਲ ਨਜਿੱਠਣ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਅਸਫਲ ਰਹੀ ਹੈ।