ਪੁਲਿਸ ਵੱਲੋਂ ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ, ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਥਾਣੇਦਾਰ ਸੁਖਵਿੰਦਰ ਸਿੰਘ ਲਗਾਤਾਰ ਨੌਜਵਾਨ ਨੂੰ ਕਰਦਾ ਸੀ ਤੰਗ ਪ੍ਰੇਸ਼ਾਨ!

Sandeep Singh

ਫਿਰੋਜ਼ਪੁਰ( ਪਰਮਜੀਤ ਸਿੰਘ) ਪੰਜਾਬ ਸੂਬੇ ਅੰਦਰ ਜਿੱਥੇ ਲਾਅ ਐਂਡ ਆਰਡਰ ਦੀ ਸਥਿਤੀ ਲਗਾਤਾਰ ਨਾਜ਼ੁਕ ਬਣਦੀ ਜਾ ਰਹੀ ਹੈ। ਉਥੇ ਦੂਜੇ ਪਾਸੇ ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੰਜਾਬ ਪੁਲਿਸ ਨਿੱਤ ਦਿਨ ਕਿਸੇ ਨਾ ਕਿਸੇ ਵਿਵਾਦ ਵਿੱਚ ਘਿਰੀ ਹੋਈ ਨਜ਼ਰ ਆ ਰਹੀ ਹੈ। ਲਾਕਡਾਊਨ ਦੌਰਾਨ ਇਕ ਐਸਐਚਓ ਵੱਲੋਂ ਇਕ ਗਰੀਬ ਸਬਜ਼ੀ ਵੇਚਣ ਵਾਲੇ ਦੀ ਸਬਜ਼ੀਆਂ ਨੂੰ ਖਿਲਾਰ ਦੇਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਸੀ। ਇਹ ਮਾਮਲਾ ਅਜੇ ਠੰਡਾ ਨਹੀਂ ਹੋਇਆ ਸੀ ਕਿ ਇਕ ਆਂਡਾ ਚੋਰ ਪੁਲਿਸ ਵਾਲਾ ਮਾਮਲਾ ਸਾਹਮਣੇ ਆ ਗਿਆ।

ਇਸੇ ਤਰ੍ਹਾਂ ਹੁਣ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਪੁਲਿਸ ਨੇ ਇਕ ਨੌਜਵਾਨ ਤੇ ਅੰਨ੍ਹਾ ਤਸ਼ੱਦਦ ਢਾਹਿਆ ਜਿਸਨਾਲ ਨੌਜਵਾਨ ਦੀ ਮੌਤ ਹੋ ਗਈ। ਥਾਣਾ ਫਿਰੋਜ਼ਪੁਰ ਅਧੀਨ ਆਉਂਦੇ ਪਿੰਡ ਖਿਲਚੀ ਜ਼ਹੀਰ ਦੇ ਨੌਜਵਾਨ ਸੰਦੀਪ ਸਿੰਘ ਨੂੰ ਬੀਤੇ ਕੱਲ ਥਾਣੇਦਾਰ ਸੁਖਵਿੰਦਰ ਸਿੰਘ ਫੜ ਕੇ ਲਿਆਇਆ ਸੀ। ਮ੍ਰਿਤਕ ਸੰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਦੇ ਦੋ ਸਰਪੰਚ ਆਏ ਸਨ ਅਤੇ ਉਨ੍ਹਾਂ ਨੇ ਤਸੱਲੀ ਦਿੰਦਿਆਂ ਕਿਹਾ ਸੀ

ਕਿ ਇਹ ਨੌਜਵਾਨ ਬੇਕਸੂਰ ਏ ਇਸ ਨੂੰ ਛੱਡ ਦਿਓ ਪ੍ਰੰਤੂ ਉਸ ਵੱਲੋਂ ਪੰਜਾਹ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਕਿ ਰਿਸ਼ਵਤ ਨਾ ਦੇਣ ਕਰਕੇ ਉਸ ਨੂੰ ਛੱਡਣ ਦੀ ਬਜਾਏ ਰਾਤ ਨੂੰ ਅੰਨ੍ਹਾ ਤਸ਼ੱਦਦ ਕੀਤਾ ਗਿਆ। ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਕਿ ਪਹਿਲਾਂ ਹੀ ਦੋਸ਼ੀ ਥਾਣੇਦਾਰ ਸੁਖਵਿੰਦਰ ਸਿੰਘ ਨੌਜਵਾਨ ਸੰਦੀਪ ਸਿੰਘ ਨਾਲ ਖਹਿਬਾਜ਼ੀ ਰੱਖਦਾ ਸੀ।

ਨੌਜਵਾਨ ਆਪਣੇ ਘਰ ਵਿੱਚ ਕੱਲ੍ਹ ਭਰਤ ਪਾ ਰਿਹਾ ਸੀ ਅਤੇ ਬਿਨਾਂ ਕਿਸੇ ਕਸੂਰ ਚਿੱਟੇ ਦੇ ਦੋਸ਼ ਹੇਠ ਉਕਤ ਥਾਣੇਦਾਰ ਸੰਦੀਪ ਸਿੰਘ ਨੂੰ ਫੜ ਕੇ ਲਿਆਇਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਾਰ ਕੁਟਾਈ ਕਰਨ ਤੋਂ ਬਾਅਦ ਜਦੋਂ ਸੰਦੀਪ ਦੀ ਮੌਤ ਹੋ ਗਈ ਤਾਂ ਥਾਣੇਦਾਰ ਨੇ ਪਿੰਡ ਦੇ ਸਰਪੰਚ ਨੂੰ ਫੋਨ ਲਾ ਕੇ ਕਿਹਾ ਕਿ ਤੁਹਾਡਾ ਬੰਦਾ ਚੜ੍ਹਾਈ ਕਰ ਗਿਆ ਹੈ ।

ਮ੍ਰਿਤਕ ਸੰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਸ ਦੀ ਲਾਸ਼ ਨੂੰ ਦੇਖਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਉਸ ਦੇ ਲੱਤਾਂ ਪੈਰ ਸੁੱਜੇ ਹੋਏ ਹਨ ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਮ੍ਰਿਤਕ ਨੌਜਵਾਨ ਦੀ ਮੌਤ ਪੁਲਿਸ ਵੱਲੋਂ ਕੀਤੀ ਕਿ ਮਾਰ ਕੁਟਾਈ ਕਾਰਨ ਹੋਈ ਹੈ। ਇਹ ਵੀ ਦੋਸ਼ ਲਗਾਏ ਗਏ ਹਨ ਕਿ ਸੰਦੀਪ ਸਿੰਘ ਤੇ ਕੋਈ ਵੀ ਮੁਕੱਦਮਾ ਦਰਜ ਨਾ ਹੋਣ ਦੇ ਬਾਵਜੂਦ ਉਸ ਤੇ ਅੰਨ੍ਹਾ ਤਸ਼ੱਦਦ ਢਾਹਿਆ ਗਿਆ ਹੈ। 

ਮ੍ਰਿਤਕ ਸੰਦੀਪ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਰੱਖਿਆ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਇਨਸਾਫ ਨਾ ਮਿਲਦਾ ਦਿਖਾਈ ਦੇਣ ਤੇ ਪਰਿਵਾਰਕ ਮੈਂਬਰਾਂ ਵੱਲੋਂ ਥਾਣਾ ਸਦਰ ਫਿਰੋਜ਼ਪੁਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਦਿਆਂ ਐੱਸਐੱਚਓ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। 

ਪਰਿਵਾਰਕ ਮੈਂਬਰਾਂ ਵੱਲੋਂ ਲਗਾਏ ਗਏ ਪੁਲਿਸ ਤੇ ਦੋਸ਼ ਕਿੰਨੇ ਸੱਚ ਹਨ ਇਕ ਜਾਂਚ ਦਾ ਵਿਸ਼ਾ ਹੈ ਪ੍ਰੰਤੂ ਪੁਲਿਸ ਤੇ ਲਗਾਤਾਰ ਲੋਕਾਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਇਹ ਇੱਕ ਸਰਕਾਰਾਂ ਲਈ ਇੱਕ ਗੰਭੀਰ ਚੁਣੌਤੀ ਬਣਦੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਮ੍ਰਿਤਕ ਸੰਦੀਪ ਕੁਮਾਰ ਦੀ ਮਾਰ ਕੁਟਾਈ ਨਾਲ ਹੋਈ ਮੌਤ ਦੇ ਦੋਸ਼ੀਆਂ ਨੂੰ ਸਜ਼ਾ ਮਿਲਦੀ ਹੈ  ਜਾਂ ਫਿਰ ਪੁਲਿਸ ਆਪਣੇ  ਨੂੰ ਬਚਾਉਣ ਲਈ ਕੋਈ ਨਵੀਂ ਕਹਾਣੀ ਘੜ ਕੇ ਇਸ ਮਾਮਲੇ ਨੂੰ ਕੋਈ ਹੋਰ ਮੋੜ ਦੇ ਦੇਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।