ਏਸ਼ੀਆ ਕੱਪ ਹਾਕੀ : ਭਾਰਤ ਪਾਕਿਸਤਾਨ ਪਹਿਲਾ ਮੈਚ 1-1 ਨਾਲ ਡਰਾਅ

ਏਜੰਸੀ

ਖ਼ਬਰਾਂ, ਪੰਜਾਬ

ਏਸ਼ੀਆ ਕੱਪ ਹਾਕੀ : ਭਾਰਤ ਪਾਕਿਸਤਾਨ ਪਹਿਲਾ ਮੈਚ 1-1 ਨਾਲ ਡਰਾਅ

image

ਜਕਾਰਤਾ, 23 ਮਈ : ਸਾਬਕਾ ਚੈਂਪੀਅਨ ਭਾਰਤ ਨੇ ਆਖ਼ਰੀ ਪਲਾਂ ’ਚ ਗੋਲ ਗੁਆ ਕੇ ਏਸ਼ੀਆ ਕੱਪ ਪੁਰਸ਼ ਹਾਕੀ ਟੂਰਨਾਮੈਂਟ ’ਚ ਪੂਲ ਏ ਦੇ ਪਹਿਲੇ ਮੈਚ ’ਚ ਪਾਕਿਸਤਾਨ ਨਾਲ 1-1 ਨਾਲ ਡਰਾਅ ਖੇਡਿਆ। ਭਾਰਤ ਨੇ ਨੌਵੇਂ ਮਿੰਟ ਕਾਰਤੀ ਸੇਲਵਮ ਦੇ ਗੋਲ ਦੀ ਮਦਦ ਨਾਲ ਬੜ੍ਹਤ ਬਣਾ ਲਈ ਸੀ ਪਰ ਪਾਕਿਸਤਾਨ ਦੇ ਅਬਦੁਲ ਰਾਣਾ ਨੇ 59ਵੇਂ ਮਿੰਟ ’ਚ ਪੈਨਲਟੀ ਕਾਰਨਰ ’ਤੇ ਬਰਾਬਰੀ ਦਾ ਗੋਲ ਦਾਗਿਆ। ਭਾਰਤ ਦਾ ਸਾਹਮਣਾ ਮੰਗਲਵਾਰ ਨੂੰ ਜਾਪਾਨ ਨਾਲ ਹੋਵੇਗਾ। 
ਪਾਕਿਸਤਾਨ ਨੂੰ ਤੀਜੇ ਹੀ ਮਿੰਟ ’ਚ ਪੈਨਲਟੀ ਕਾਰਨਰ ਮਿਲਿਆ ਸੀ ਪਰ ਉਹ ਗੋਲ ਨਹੀਂ ਕਰ ਸਕੇ। ਕੁਝ ਸਕਿੰਟ ਬਾਅਦ ਭਾਰਤ ਨੇ ਜਵਾਬੀ ਹਮਲੇ ’ਚ ਪੈਨਲਟੀ ਕਾਰਨਰ ਬਣਾਇਆ ਪਰ ਉਹ ਗੋਲ ਨਹੀਂ ਕਰ ਸਕੇ। ਕੁਝ ਸਮੇਂ ਬਾਅਦ ਭਾਰਤ ਨੇ ਜਵਾਬੀ ਹਮਲੇ ’ਚ ਪੈਨਲਟੀ ਕਾਰਨਰ ਬਣਾਇਆ ਪਰ ਨੀਲਮ ਸੰਜੀਪ ਸੇਸ ਦੇ ਸ਼ਾਟ ਨੂੰ ਪਾਕਿਸਤਾਨੀ ਗੋਲਕੀਪਰ ਅਕਮਲ ਹੁਸੈਨ ਨੇ ਬਚਾ ਲਿਆ। ਭਾਰਤ ਨੇ ਪਾਕਿਸਤਾਨੀ ਡਿਫੈਂਸ ’ਤੇ ਲਗਾਤਾਰ ਦਬਾਅ ਬਣਾਈ ਰੱਖਿਆ ਤੇ ਪਹਿਲੇ ਕੁਆਰਟਰ ਦੋ ਹੋਰ ਪੈਨਲਟੀ ਕਾਰਨਰ ਬਣਾਏ।
ਕੀਰਤੀ ਨੇ ਆਪਣਾ ਪਹਿਲਾ ਕੌਮਾਂਤਰੀ ਗੋਲ ਨੌਵੇਂ ਮਿੰਟ ’ਚ ਕੀਤਾ। ਇਸ ਦਰਮਿਆਨ ਪਾਕਿਸਤਾਨ ਨੂੰ ਇਕ ਹੋਰ ਪੈਨਲਟੀ ਕਾਰਨਰ ਮਿਲਿਆ ਪਰ ਸਫਲਤਾ ਨਹੀਂ ਮਿਲੀ। ਦੂਜੇ ਕੁਆਰਟਰ ਦੀ ਸ਼ੁਰੂਆਤ ’ਚ ਪਾਕਿਸਤਾਨ ਗੋਲਕੀਪਰ ਹੁਸੈਨ ਨੇ ਸ਼ਾਨਦਾਰ ਬਚਾਅ ਕਰਕੇ ਪਵਨ ਰਾਜਭਰ ਨੂੰ ਗੋਲ ਨਹੀਂ ਕਰਨ ਦਿਤਾ। ਭਾਰਤ ਨੂੰ 21ਵੇਂ ਮਿੰਟ ’ਚ ਮਿਲਿਆ ਪੈਨਲਟੀ ਕਾਰਨਰ ਵੀ ਬਰਬਾਦ ਗਿਆ। ਹਾਫ ਟਾਈਮ ਤੋਂ ਦੋ ਮਿੰਟ ਪਹਿਲਾਂ ਪਾਕਿਸਤਾਨ ਨੂੰ ਬਰਾਬਰੀ ਦਾ ਗੋਲ ਕਰਨ ਦਾ ਮੌਕਾ ਮਿਲਿਆ ਪਰ ਇਕ ਵਾਰ ਫਿਰ ਤੋਂ ਉਸ ਦਾ ਪੈਨਲਟੀ ਕਾਰਨਰ ਬਰਬਾਦ ਗਿਆ। 
ਦੂਜੇ ਹਾਫ਼ ’ਚ ਪਾਕਿਸਤਾਨ ਨੇ ਹਮਲਾਵਰ ਖੇਡ ਖੇਡੀ ਤੇ ਤੀਜਾ ਪੈਨਲਟੀ ਕਾਰਨਰ ਬਣਾਇਆ ਪਰ ਰਿਜ਼ਵਾਨ ਅਲੀ ਦਾ ਸ਼ਾਟ ਬਾਹਰ ਨਿਕਲ ਗਿਆ। ਇਸ ਤੋਂ ਕੁਝ ਮਿੰਟ ਬਾਅਦ ਭਾਰਤੀ ਗੋਲਕੀਪਰ ਸੂਰਜ ਕਰਕੇਰਾ ਨੇ ਅਬਦੁਲ ਰਾਣਾ ਦਾ ਕਰੀਬੀ ਸ਼ਾਟ ਬਚਾਇਆ ਤੇ ਰਿਬਾਉਂਡ ’ਤੇ ਅਫਰਾਜ ਨੂੰ ਗੋਲ ਨਹੀਂ ਕਰਨ ਦਿਤਾ। ਭਾਰਤ ਲਈ ਵੀ ਰਾਜਭਰ ਤੇ ਉੱਤਮ ਸਿੰਘ ਨੇ ਮੌਕੇ ਬਣਾਏ ਪਰ ਪਾਕਿਸਤਾਨੀ ਗੋਲਕੀਪਰ ਹੁਸੈਨ ਕਾਫ਼ੀ ਮੁਸਤੈਦ ਸਨ। ਆਖ਼ਰੀ ਪਲਾਂ ’ਚ ਭਾਰਤੀ ਡਿਫੈਂਸ ਲਾਈਨ ਨੂੰ ਇਕਾਗਰਤਾ ਭੰਗ ਹੋਣ ਦਾ ਖਾਮਿਆਜ਼ਾ ਭੁਗਤਨਾ ਪਿਆ ਤੇ ਪਾਕਿਸਤਾਨ ਨੂੰ ਪੈਨਲਟੀ ਕਾਰਨਰ ਮਿਲ ਗਿਆ। ਗੋਲ ਲਾਈਨ ’ਤੇ ਯਸ਼ਦੀਪ ਸਿਵਾਚ ਨੇ ਬਚਾਅ ਕੀਤਾ ਪਰ ਰਾਣਾ ਨੇ ਰਿਬਾਊਂਡ ’ਤੇ ਗੋਲ ਕਰਕੇ ਪਾਕਿਸਤਾਨ ਨੂੰ ਬਰਾਬਰੀ ਦਿਵਾ ਦਿਤੀ ਤੇ ਮੈਚ 1-1 ਦੀ ਡਰਾਅ ਹੋ ਗਿਆ।     (ਏਜੰਸੀ)