ਆਉਣ ਵਾਲੇ ਦਿਨਾਂ ’ਚ ਵੀ ਜਾਰੀ ਰਹਿ ਸਕਦਾ ਹੈ ਰੈਪੋ ਦਰ ’ਚ ਵਾਧਾ : ਗਵਰਨਰ ਸ਼ਕਤੀਕਾਂਤ
ਆਉਣ ਵਾਲੇ ਦਿਨਾਂ ’ਚ ਵੀ ਜਾਰੀ ਰਹਿ ਸਕਦਾ ਹੈ ਰੈਪੋ ਦਰ ’ਚ ਵਾਧਾ : ਗਵਰਨਰ ਸ਼ਕਤੀਕਾਂਤ
ਨਵੀਂ ਦਿੱਲੀ, 23 ਮਈ : ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਜੂਨ ’ਚ ਹੋਣ ਵਾਲੀ ਮੁਦਰਾ ਨੀਤੀ ਦੀ ਬੈਠਕ ਜਾਂ ਹੋਰ ਬੈਠਕਾਂ ’ਚ ਰੈਪੋ ਦਰ ਵਧਾਉਣ ਦੇ ਸੰਕੇਤ ਦਿਤੇ ਹਨ। ਰਿਜ਼ਰਵ ਬੈਂਕ ਦੇ ਇਸ ਫ਼ੈਸਲੇ ਨਾਲ ਕਰਜ਼ਾ ਹੋਰ ਮਹਿੰਗਾ ਹੋ ਸਕਦਾ ਹੈ। ਰਿਜ਼ਰਵ ਬੈਂਕ ਜੂਨ ਦੀ ਮੀਟਿੰਗ ਵਿਚ ਇਕ ਨਵਾਂ ਮਹਿੰਗਾਈ ਅਨੁਮਾਨ ਵੀ ਜਾਰੀ ਕਰੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਰਥਿਕ ਸੁਧਾਰ ਗਤੀ ਫੜ ਰਿਹਾ ਹੈ। ਆਰਬੀਆਈ ਗਵਰਨਰ ਨੇ ਸੀਐਨਬੀਸੀ ਟੀਵੀ 18 ਨੂੰ ਦਿਤੇ ਇੰਟਰਵਿਊ ਵਿਚ ਇਹ ਗੱਲ ਕਹੀ। ਰਿਜ਼ਰਵ ਬੈਂਕ ਲਈ ਇਸ ਸਮੇਂ ਮਹਿੰਗਾਈ ਸਭ ਤੋਂ ਵੱਡਾ ਚਿੰਤਾ ਦਾ ਮੁੱਦਾ ਹੈ।
ਜ਼ਿਕਰਯੋਗ ਹੈ ਕਿ ਦੇਸ਼ ’ਚ ਲਗਾਤਾਰ ਵਧਦੀ ਮਹਿੰਗਾਈ ’ਤੇ ਕਾਬੂ ਪਾਉਣ ਲਈ ਮਈ ਦੇ ਪਹਿਲੇ ਹਫਤੇ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਇਕ ਬੈਠਕ ਬੁਲਾਈ ਸੀ ਅਤੇ ਰੈਪੋ ਦਰਾਂ ’ਚ 0.40 ਫ਼ੀ ਸਦੀ ਦਾ ਵਾਧਾ ਕੀਤਾ ਸੀ। ਹੁਣ ਫਿਰ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਫਿਰ ਤੋਂ ਨੀਤੀਗਤ ਦਰਾਂ ਵਿਚ ਵਾਧੇ ਦਾ ਸੰਕੇਤ ਦਿਤਾ ਹੈ।
ਕੇਂਦਰ ਸਰਕਾਰ ਵਲੋਂ ਪਟਰੌਲ ਅਤੇ ਡੀਜ਼ਲ ’ਤੇ ਐਕਸਾਈਜ਼ ਡਿਊਟੀ ਘਟਾਉਣ ਦੇ ਐਲਾਨ ਤੋਂ ਬਾਅਦ ਹੁਣ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਰੇਪੋ ਦਰਾਂ ’ਚ ਹੋਰ ਵਾਧੇ ਦੀ ਸੰਭਾਵਨਾ ਅਗਲੀ ਮੀਟਿੰਗ ’ਚ ਕੀਤੀ ਜਾ ਸਕਦੀ ਹੈ। ਨੀਤੀਗਤ ਦਰਾਂ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਵਧਾ ਕੇ 4.40 ਕਰ ਦਿਤਾ ਗਿਆ ਸੀ। ਹੁਣ ਇਨ੍ਹਾਂ ਨੂੰ ਵਧਾ ਕੇ 5.15 ਫ਼ੀ ਸਦੀ ਕੀਤਾ ਜਾ ਸਕਦਾ ਹੈ, ਜੋ ਕਿ ਕੋਰੋਨਾ ਤੋਂ ਪਹਿਲਾਂ ਦਾ ਪੱਧਰ ਸੀ। (ਏਜੰਸੀ)
ਧਿਆਨ ਯੋਗ ਹੈ ਕਿ ਆਰਬੀਆਈ ਮੁਦਰਾ ਕਮੇਟੀ (ਐਮਪੀਸੀ) ਦੀ ਅਗਲੀ ਮੀਟਿੰਗ ਜੂਨ ਵਿਚ ਹੋਣੀ ਹੈ, ਜਿਸ ਵਿਚ ਰੇਪੋ ਦਰਾਂ ਵਿਚ ਵਾਧੇ ਦਾ ਫ਼ੈਸਲਾ ਲਏ ਜਾਣ ਦੀ ਸੰਭਾਵਨਾ ਹੈ। (ਏਜੰਸੀ)