Ludhiana News: ਪਹਿਲਾਂ ਇੰਸਟਾਗ੍ਰਾਮ ਗਰੁੱਪ 'ਚ ਕੀਤਾ ਐਡ, ਫਿਰ ਦੁੱਗਣੇ ਮੁਨਾਫੇ ਦਾ ਵਾਅਦਾ ਕਰਕੇ ਡਾਕਟਰ ਕੋਲੋਂ ਠੱਗੇ 1.40 ਕਰੋੜ
ਉਕਤ ਰਕਮ ਲੈਣ ਤੋਂ ਬਾਅਦ ਦੋਵੇਂ ਔਰਤਾਂ ਨੇ ਉਸ ਡਾਕਟਰ ਨਾਲ ਸੰਪਰਕ ਕਰਨਾ ਬੰਦ ਕਰ ਦਿਤਾ ਅਤੇ ਪੈਸੇ ਵਾਪਸ ਨਹੀਂ ਕੀਤੇ।
Ludhiana News: ਦੋ ਸ਼ਰਾਰਤੀ ਔਰਤਾਂ ਨੇ ਇਕ ਮਹਿਲਾ ਡਾਕਟਰ ਨੂੰ ਆਨਲਾਈਨ ਨਿਵੇਸ਼ ਕਰਕੇ ਦੁੱਗਣਾ ਮੁਨਾਫਾ ਕਮਾਉਣ ਦਾ ਝਾਂਸਾ ਦੇ ਕੇ ਠੱਗੀ ਦਾ ਸ਼ਿਕਾਰ ਬਣਾਇਆ ਹੈ। ਡਾਕਟਰ ਨੇ ਔਰਤਾਂ ਦੇ ਕਹਿਣ ਉਤੇ ਅਪਣੇ ਖਾਤੇ 'ਚੋਂ 1 ਕਰੋੜ 40 ਲੱਖ ਰੁਪਏ ਵੱਖ-ਵੱਖ ਖਾਤਿਆਂ 'ਚ ਟਰਾਂਸਫਰ ਕਰ ਦਿਤੇ।
ਉਕਤ ਰਕਮ ਲੈਣ ਤੋਂ ਬਾਅਦ ਦੋਵੇਂ ਔਰਤਾਂ ਨੇ ਉਸ ਡਾਕਟਰ ਨਾਲ ਸੰਪਰਕ ਕਰਨਾ ਬੰਦ ਕਰ ਦਿਤਾ ਅਤੇ ਪੈਸੇ ਵਾਪਸ ਨਹੀਂ ਕੀਤੇ। ਜਦੋਂ ਡਾਕਟਰ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਅਧਿਕਾਰੀਆਂ ਨੂੰ ਕੀਤੀ ਤਾਂ ਜਾਂਚ ਤੋਂ ਬਾਅਦ ਦੋਵਾਂ ਔਰਤਾਂ ਦੀ ਪਛਾਣ ਸਾਨਵੀ ਅਤੇ ਅਨੰਨਿਆ ਦੇ ਰੂਪ 'ਚ ਹੋਈ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਪੁਲਿਸ ਅਧਿਕਾਰੀ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦੋਵਾਂ ਮੁਲਜ਼ਮ ਔਰਤਾਂ ਨੂੰ ਟਰੇਸ ਕਰ ਰਹੇ ਹਨ।
ਪੀੜਤ ਮਹਿਲਾ ਡਾਕਟਰ ਮੂਲ ਰੂਪ ਵਿਚ ਬਠਿੰਡਾ ਦੀ ਰਹਿਣ ਵਾਲੀ ਹੈ ਅਤੇ ਲੁਧਿਆਣਾ ਦੇ ਸਰਾਭਾ ਨਗਰ ਇਲਾਕੇ ਵਿਚ ਪ੍ਰੈਕਟਿਸ ਕਰਦੀ ਹੈ। ਇਸ ਮਾਮਲੇ 'ਚ ਪੀੜਤ ਡਾਕਟਰ ਰੇਣੂਕਾ ਗੋਇਲ ਨੇ ਦਸਿਆ ਕਿ ਕੁੱਝ ਮਹੀਨੇ ਪਹਿਲਾਂ ਉਸ ਦਾ ਅਕਾਊਂਟ ਇੰਸਟਾਗ੍ਰਾਮ 'ਤੇ ਇਕ ਗਰੁੱਪ 'ਚ ਐਡ ਕੀਤਾ ਗਿਆ ਸੀ।
ਇਸ ਗਰੁੱਪ ਵਿਚ ਮੁਲਜ਼ਮ ਔਰਤਾਂ ਨੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਕੰਪਨੀ ਵਿਚ ਨਿਵੇਸ਼ ਕਰਨ ਦੇ ਬਦਲੇ ਦੁੱਗਣਾ ਮੁਨਾਫ਼ਾ ਦੇਣ ਦਾ ਦਾਅਵਾ ਕੀਤਾ। ਡਾ. ਰੇਣੂਕਾ ਦੇ ਅਨੁਸਾਰ, ਉਨ੍ਹਾਂ ਨੇ ਆਪਣੇ ਅਡਵਾਂਸ ਨੂੰ ਲੈ ਕੇ 1 ਕਰੋੜ 40 ਲੱਖ ਰੁਪਏ ਵੱਖ-ਵੱਖ ਸਮੇਂ 'ਤੇ ਦੋਸ਼ੀਆਂ ਦੇ ਖਾਤਿਆਂ ਵਿਚ ਟਰਾਂਸਫਰ ਕੀਤੇ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁਲਜ਼ਮ ਔਰਤਾਂ ਦੀ ਇੰਸਟਾਗ੍ਰਾਮ ਆਈਡੀ ਹੀ ਇਸ ਦਾ ਸਬੂਤ ਹੈ। ਅਜਿਹੇ 'ਚ ਦੋਸ਼ੀ ਔਰਤਾਂ ਦੇ ਆਈਪੀ ਐਡਰੈੱਸ ਅਤੇ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ਦੀ ਖੋਜ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੋਸ਼ੀ ਔਰਤਾਂ ਨੇ ਡਾਕਟਰ ਰੇਣੂਕਾ ਤੋਂ ਇਲਾਵਾ ਹੋਰ ਕਿਸ-ਕਿਸ ਨਾਲ ਠੱਗੀ ਮਾਰੀ ਹੈ।
(For more Punjabi news apart from fraud with woman doctor at ludhiana, stay tuned to Rozana Spokesman)