ਨੌਜਵਾਨ ਹੋਰ ਬੁਲੰਦ ਕਰਨ ਆਜ਼ਾਦੀ ਦੀ ਜੋਤ : ਮੈਡਮ ਜਗਜੀਤ ਕੌਰ
‘ਰੋਜ਼ਾਨਾ ਸਪੋਕਸਮੈਨ’ ਤੇ ‘ਰੇਡੀਓ ਐਫ਼ਐਮ ਆਰੈਂਜ’ ਵਲੋਂ ਸ਼ੁਰੂ ਕੀਤੀ ਵਿਦਿਆਰਥੀਆਂ ਲਈ ਮੁਹਿੰਮ ‘ਮੇਰੀ ਵੋਟ, ਮੇਰੀ ਤਾਕਤ, ਮੇਰਾ ਅਧਿਕਾਰ’ ਸੰਪੰਨ
ਐਸਏਐਸ ਨਗਰ: ਰਿਆਤ ਬਾਹਰਾ ਯੂਨੀਵਰਸਿਟੀ ’ਚ ਵਿਦਿਆਰਥੀਆਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ। ‘ਰੋਜ਼ਾਨਾ ਸਪੋਕਸਮੈਨ’ ਅਤੇ ‘ਰੇਡੀਓ ਐਫ਼ਐਮ ਆਰੈਂਜ’ ਵਲੋਂ ਪਿਛਲੇ ਇਕ ਮਹੀਨੇ ਤੋਂ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਗਈ ਮੁਹਿੰਮ ‘ਮੇਰੀ ਵੋਟ, ਮੇਰੀ ਤਾਕਤ, ਮੇਰਾ ਅਧਿਕਾਰ’ ਸੰਪੰਨ ਹੋ ਗਈ।
ਯੂਨੀਵਰਸਿਟੀ ’ਚ ਜਿੱਥੇ ਇਸ ਮੌਕੇ ‘ਨੀ ਮੈਂ ਸੱਸ ਕੁਟਣੀ -2’ ਦੇ ਅਦਾਕਾਰ ਮੌਜੂਦ ਸਨ, ਉਥੇ ‘ਰੋਜ਼ਾਨਾ ਸਪੋਕਸਮੈਨ’ ਦੇ ਮੈਨੇਜਿੰਗ ਡਾਇਰੈਕਟਰ ਮੈਡਮ ਜਗਜੀਤ ਕੌਰ ਵੀ ਖ਼ਾਸ ਤੌਰ ’ਤੇ ਪੁਜੇ ਅਤੇ ਜੋਤ ਜਲਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਦੌਰਾਨ ਨਵੇਂ ਵੋਟਰਾਂ ਅਤੇ ਨੌਜਵਾਨਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਮੈਡਮ ਜਗਜੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਜਿਹੜੀ ਆਜ਼ਾਦੀ ਦੀ ਇਹ ਜੋਤ ਤੁਸੀਂ ਜਲਾ ਰਹੇ ਹੋ, ਇਹ ਆਜ਼ਾਦੀ ਦੀ ਜੰਗ ਦੌਰਾਨ ਲੱਖਾਂ ਲੋਕਾਂ ਦੀਆਂ ਕੁਰਬਾਨੀਆਂ ਤੋਂ ਬਾਅਦ ਹਾਸਲ ਹੋਈ ਹੈ, ਇਸ ਲਈ ਤੁਸੀਂ ਇਸ ਨੂੰ ਕਾਇਮ ਵੀ ਰਖਣਾ ਹੈ ਤੇ ਇਸ ਨੂੰ ਹੋਰ ਬੁਲੰਦ ਵੀ ਕਰਨਾ ਹੈ। ਉਨ੍ਹਾਂ 1947 ’ਚ ਵੰਡ ਵੇਲੇ ਦੇ ਦਰਦ ਨੂੰ ਬਿਆਨਦਿਆਂ ਕਿਹਾ ਕਿ ਉਹ ਅਣਗਿਣਤ ਲਾਸ਼ਾਂ ’ਚੋਂ ਲੰਘ ਕੇ ਦੰਗਾਕਾਰੀਆਂ ਤੋਂ ਕਿਵੇਂ ਬਚ ਕੇ ਨਿਕਲੇ ਸਨ।
ਉਨ੍ਹਾਂ ਵਿਦਿਆਰਥੀਆਂ ਨੂੰ ਬਿਨਾ ਕਿਸੇ ਡਰ ਅਤੇ ਲਾਲਚ ਦੇ ਵੋਟ ਪਾਉਣ ਦੇ ਅਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਲਈ ਵੀ ਆਖਿਆ। ਇਸ ਮੌਕੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪਰਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਵਿਦਿਆਰਥੀਆਂ ਦੇ ਇਸ ਸਮਾਰੋਹ ’ਚ ਮੌਜੂਦ ਪੰਜਾਬੀ ਗਾਇਕ ਮਹਿਤਾਬ ਵਿਰਕ, ਰੇਡੀਓ ਜੌਕੀ ਮੀਨਾਕਸ਼ੀ ਦੇ ਨਾਲ-ਨਾਲ ਯੂਨੀਵਰਸਿਟੀ ਦੇ ਸੈਂਕੜੇ ਵਿਦਿਆਰਥੀ, ਅਧਿਆਪਕ ਤੇ ਹੋਰ ਸਟਾਫ਼ ਮੈਂਬਰ ਵੀ ਮੌਜੂਦ ਸਨ।