ਅੱਜ ਦੇ ਸਮੇਂ ਵਿਚ ਹਾਰਡ ਵਰਕ ਦੀ ਥਾਂ ਸਮਾਰਟ ਵਰਕ ਕੀਤਾ ਰਿਹਾ ਹੈ। ਇਸੇ ਤਰ੍ਹਾਂ ਹੁਣ ਖੇਤੀਬਾੜੀ ਵਿਚ ਵੀ ਨਵੀਆਂ ਤਕਨੀਕਾਂ ਆ ਰਹੀਆਂ ਹਨ, ਜਿਸ ਨਾਲ ਕਿਸਾਨ ਵੀ ਸਮਾਰਟ ਵਰਕ ਨਾਲ ਖੇਤੀ ਕਰ ਸਕਣਗੇ। ਤੁਹਾਨੂੰ ਜਾਣਕਾਰੀ ਦੇ ਦਈਏ ਕਿ ਭਾਰਤ ਵਿਚ ਕੈਨੇਡਾ ਤੋਂ ਤਿਆਰ ਹੋ ਕੇ ਇਕ ਮਸ਼ੀਨ ਆਈ ਹੈ ਜੋ ਜ਼ਮੀਨ ਦੀ ਪਰਖ ਕਰਦੀ ਹੈ ਕਿ ਇਹ ਜ਼ਮੀਨ ਉਪਜਾਊ ਹੈ ਜਾਂ ਨਹੀਂ, ਜ਼ਮੀਨ ਵਿਚ ਕਿਸ ਚੀਜ਼ ਦੀ ਘਾਟ ਹੈ ਆਦਿ। ਇਸ ਮਸ਼ੀਨ ਨਾਲ ਇਕ ਵਾਰ ਪੂਰੇ ਖੇਤ ਦੀ ਸਕੈਨਿੰਗ ਕੀਤੀ ਜਾ ਸਕਦੀ ਹੈ।
ਰੋਜ਼ਾਨਾ ਸਪੋਸਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਪਟਿਆਲਾ ਦੇ ਮੁੱਖੇ ਖੇਤੀਬਾੜੀ ਅਫ਼ਸਰ ਨੇ ਦਸਿਆ ਕਿ ਸੀਐਫ਼ਆਰਆਈ ਇੰਸੀਚਿਊਟ ਲੁਧਿਆਣਾ ਤੋਂ ਇਥੇ ਪ੍ਰਦਰਸ਼ਨੀ ਲਈ ਇਹ ਮਸ਼ੀਨ ਲਿਆਂਦੀ ਹੈ। ਇਸ ਮਸ਼ੀਨ ਦੀ ਖ਼ਾਸੀਅਤ ਇਹ ਹੈ ਕਿ ਇਹ ਮਸ਼ੀਨ ਜਿਸ ਖੇਤ ਵਿਚੋਂ ਲੰਘੇਗੀ ਉਸ ਜ਼ਮੀਨ ਦੇ 22 ਤੱਤ ਨੇ ਉਨ੍ਹਾਂ ਬਾਰੇ ਇਹ ਕੰਪੀਊਟਰ ਵਿਚ ਦੱਸ ਦੇਵੇਗੀ। ਇਸ ਦੇ ਨਾਲ ਸਾਨੂੰ ਪਤਾ ਲੱਗ ਜਾਵੇਗਾ ਕਿ ਕਿਥੇ ਕਿਸ ਚੀਜ਼ ਦੀ ਘਾਟ ਹੈ ਤੇ ਅਸੀਂ ਉਥੇ ਉਸੇ ਕਿਸਮ ਦੀ ਖਾਦ ਪਾ ਸਕਾਂਗੇ। ਇਸ ਨਾਲ ਸਾਡੇ ਖੇਤੀ ਦੇ ਖ਼ਰਚੇ ਘਟਣਗੇ ਤੇ ਬੇਲੋੜੀ ਖਾਦ ਦੀ ਵਰਤੋਂ ਵੀ ਘਟੇਗੀ।
ਡਾ. ਪ੍ਰਦੀਪ ਰਾਜਨ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਇਹ ਮਸ਼ੀਨ ਸਮਾਰਟ ਖੇਤੀ ਲਈ ਲੈ ਕੇ ਆਏ ਹਾਂ। ਇਸ ਨਾਲ ਸਾਨੂੰ ਪਤਾ ਲੱਗ ਸਕਦਾ ਹੈ ਕਿ ਕਿੰਨੀ ਜਗ੍ਹਾ ਵਿਚ ਕਿਸ ਕਿਸਮ ਦੀ ਖਾਦ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਹੀਂ ਪਤਾ ਕਿ ਖੇਤ ਵਿਚ ਕਿਸ ਕਿਸਮ ਦੀ ਘਾਟ ਹੈ ਜਿਸ ਕਰ ਕੇ ਉਹ ਸਾਰੇ ਖੇਤ ਵਿਚ ਯੂਰੀਆ ਵਰਗੀਆਂ ਖਾਦਾਂ ਪਾ ਦਿੰਦੇ ਹਨ ਪਰ ਇਸ ਮਸ਼ੀਨ ਨਾਲ ਉਹ ਉਨੀ ਹੀ ਖਾਦ ਪਾ ਸਕਣਗੇ ਜਿੰਨੀ ਲੋੜ ਹੈ। ਕਿਸਾਨ ਕੀ ਕਰਦੇ ਹਨ ਕਿ ਜਿਥੇ ਖਾਦ ਦੀ ਲੋੜ ਨਹੀਂ ਉਥੇ ਵੀ ਪਾਈ ਜਾਂਦੇ ਹਨ।
ਖੇਤੀਬਾੜੀ ਅਫ਼ਸਰ ਨਾਭਾ ਨੇ ਕਿਹਾ ਕਿ ਅੱਜ ਸਮਾਰਟ ਖੇਤੀ ਦਾ ਜ਼ਮਾਨਾ ਆ ਗਿਆ ਹੈ। ਪਹਿਲਾਂ ਸਾਨੂੰ ਪਤਾ ਨਹੀਂ ਲੱਗਦਾ ਸੀ ਕਿ ਖੇਤ ਵਿਚ ਕਿਹੜੀ ਜਗ੍ਹਾ ’ਤੇ ਖਾਦ ਦੀ ਲੋੜ ਹੈ ਕਿਹੜੀ ਜਗ੍ਹਾ ’ਤੇ ਨਹੀਂ। ਅਸੀਂ ਜਿਸ ਜਗ੍ਹਾਂ ਖਾਦ ਦੀ ਲੋੜ ਨਹੀਂ ਹੁੰਦੀ ਹੀ ਉਥੇ ਵੀ ਖਾਦ ਪਾ ਦਿੰਦੇ ਸੀ ਪਰ ਇਸ ਮਸ਼ੀਨ ਨਾਲ ਅਸੀ ਖਾਦ ਦੀ ਵਰਤੋਂ ਘਟਾ ਸਕਦੇ ਹਾਂ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਇਹ ਮਸ਼ੀਨ ਪੂਰੇ ਭਾਰਤ ਵਿਚ ਇਕ ਹੀ ਹੈ ਜਿਸ ਨਾਲ ਵੱਖ-ਵੱਖ ਪਿੰਡਾਂ ਵਿਚ ਜਾ ਕੇ ਜ਼ਮੀਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਅੱਜ ਦੇ ਦੌਰ ਵਿਚ ਖੇਤੀਬਾੜੀ ਕਰਨੀ ਬਹੁਤ ਸਮਾਰਟ ਹੋ ਗਈ ਹੈ।
ਅਸੀਂ ਕਿਸਾਨਾਂ ਨੂੰ ਅਜਿਹੀਆਂ ਮਸ਼ੀਨਾਂ ਬਾਰੇ ਜਾਗਰੂਕ ਕਰ ਰਹੇ ਹਾਂ ਤੇ ਜਾਣਕਾਰੀ ਦੇ ਰਹੇ ਹਾਂ। ਇਕ ਕਿਸਾਨ ਨੇ ਕਿਹਾ ਕਿ ਇਸ ਮਸ਼ੀਨ ਨਾਲ ਕਿਸਾਨਾਂ ਨੂੰ ਬਹੁਤ ਫ਼ਾਈਦਾ ਹੋਵੇਗਾ। ਜੇ ਇਹ ਮਸ਼ੀਨ ਕਾਮਯਾਬ ਹੋ ਜਾਂਦੀ ਹੈ ਤਾਂ ਆਰਗੈਨਿਕ ਖੇਤੀ ਕਰਨੀ ਵੀ ਸੌਖੀ ਹੋ ਜਾਵੇਗੀ। ਹੁਣ ਕਿਸਾਨ ਆਪਣੀ ਜ਼ਮੀਨ ਵਿਚ ਬੇਲੋੜੀਆਂ ਖਾਦਾਂ ਪਾ ਰਿਹਾ ਹੈ ਪਰ ਜੇ ਕਿਸਾਨ ਪਤਾ ਹੋਵੇਗਾ ਕਿ ਮੇਰੀ ਜ਼ਮੀਨ ਨੂੰ ਕਿੰਨੀ ਖਾਦ ਦੀ ਲੋੜ ਹੈ ਉਹ ਉਸ ਮੁਤਾਬਕ ਖਾਦ ਪਾਵੇਗਾ ਤੇ ਖਾਦ ਵਰਤੋਂ ਵੀ ਘੱਟ ਹੋਵੇਗੀ।