Punjab News: ਮਾਪਿਆਂ ਦੇ ਹੌਸਲੇ ਨੂੰ ਸਲਾਮ! 10 ਮਹੀਨੇ ਦੇ ਇਕਲੌਤੇ ਪੁੱਤਰ ਵੰਸ਼ ਦੇ ਕੀਤੇ ਅੰਗਦਾਨ
ਡਾਕਟਰਾਂ ਨੇ ਬੱਚੇ ਨੂੰ ਦਿਮਾਗ਼ੀ ਤੌਰ ’ਤੇ ਐਲਾਨ ਦਿੱਤਾ ਸੀ ਮ੍ਰਿਤਕ
Punjab News : ਪੀਜੀਆਈ ਚੰਡੀਗੜ੍ਹ ਵਿਚ ਅਕਸਰ ਹੀ ਲੋਕ ਮ੍ਰਿਤਕ ਰਿਸ਼ਤੇਦਾਰਾਂ ਦੇ ਅੰਗ ਦਾਨ ਕਰਦੇ ਹਨ। ਪੀ.ਜੀ.ਆਈ ਵਿੱਚ ਅੱਜ ਇਕ ਨਵਾਂ ਮਾਮਲਾ ਸਾਹਮਣੇ ਆਇਆ। ਸੰਗਰੂਰ ਦੇ ਜੋੜੇ ਨੇ ਅਪਣੇ 10 ਮਹੀਨੇ ਦੇ ਪੁੱਤਰ ਦਾ ਸਰੀਰ ਅਤੇ ਅੰਗ ਦਾਨ ਕਰ ਇਕ ਮਿਸਾਲ ਕਾਇਮ ਕੀਤੀ। 10 ਮਹੀਨੇ ਦਾ ਵੰਸ਼ ਹੁਣ ਇਸ ਦੁਨੀਆਂ ਵਿਚ ਨਹੀਂ ਰਿਹਾ, ਪਰ ਉਸ ਦਾ ਨਾਮ ਹਮੇਸ਼ਾ ਯਾਦ ਰਖਿਆ ਜਾਵੇਗਾ।
ਸੰਗਰੂਰ ਦੇ ਲਹਿਰਾਗਾਗਾ ਦੇ ਵਸਨੀਕ ਟੋਨੀ ਬਾਂਸਲ ਅਤੇ ਪ੍ਰੇਮਲਤਾ ਨੇ ਅਪਣੇ ਇਕਲੌਤੇ ਪੁੱਤਰ ਨੂੰ ਗੁਆਉਣ ਤੋਂ ਬਾਅਦ ਜੋ ਫ਼ੈਸਲਾ ਲਿਆ, ਉਹ ਨਾ ਸਿਰਫ਼ ਹਿੰਮਤ ਵਾਲਾ ਸੀ ਸਗੋਂ ਮਨੁੱਖਤਾ ਦੀ ਇਕ ਉਦਾਹਰਣ ਵੀ ਬਣ ਗਿਆ। 18 ਮਈ ਨੂੰ ਪੀਜੀਆਈ ਦੇ ਡਾਕਟਰਾਂ ਨੇ ਵੰਸ਼ ਨੂੰ ਦਿਮਾਗ਼ੀ ਤੌਰ ’ਤੇ ਮ੍ਰਿਤਕ ਐਲਾਨ ਦਿਤਾ, ਤਾਂ ਉਸ ਦੇ ਮਾਪਿਆਂ ਨੇ ਹੰਝੂਆਂ ਭਰੇ ਮਾਹੌਲ ਵਿਚ ਇਕ ਅਜਿਹਾ ਫ਼ੈਸਲਾ ਲਿਆ। ਜਿਸ ਬਾਰੇ ਕੋਈ ਵੀ ਮਾਪੇ ਸੋਚ ਨਹੀਂ ਸਕਦੇ। ਵੰਸ਼ ਦੇ ਮਾਂ ਬਾਪ ਨੇ ਪੂਰਾ ਸਰੀਰ ਉਸ ਦੇ ਅੰਗਾਂ ਸਮੇਤ ਦਾਨ ਕਰਨ ਦਾ ਫ਼ੈਸਲਾ ਲਿਆ। ਪੀਜੀਆਈ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਬੱਚੇ ਦਾ ਅੰਗ ਦਾਨ ਅਤੇ ਸਰੀਰ ਦਾਨ ਇਕੋ ਸਮੇਂ ਹੋਇਆ ਹੈ।
ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਕਿਹਾ ਕਿ ਇੱਕ ਬੱਚੇ ਦੀ ਮੌਤ ਤੋਂ ਵੱਡਾ ਕੋਈ ਦੁੱਖ ਨਹੀਂ ਹੈ। ਇਸ ਪਰਿਵਾਰ ਨੇ ਆਪਣੇ ਡੂੰਘੇ ਦੁੱਖ ਨੂੰ ਇੱਕ ਨਵੀਂ ਉਮੀਦ ਵਿੱਚ ਬਦਲ ਦਿਤਾ। ਵੰਸ਼ ਭਾਵੇਂ ਸਾਡੇ ਵਿਚਕਾਰ ਨਹੀਂ ਹੈ, ਪਰ ਉਸਦੇ ਸਰੀਰ ’ਤੇ ਕੀਤੀ ਗਈ ਖੋਜ ਬਹੁਤ ਸਾਰੇ ਡਾਕਟਰਾਂ ਨੂੰ ਸਿੱਖਿਅਤ ਕਰੇਗੀ।