Ferozepur News : ਫ਼ਿਰੋਜ਼ਪੁਰ ’ਚ ਬਾਰ੍ਹਵੀਂ ਜਮਾਤ ਦੇ 4 ਵਿਦਿਆਰਥੀਆਂ ਸਮੇਤ ਛੇ ਲਾਪਤਾ
Ferozepur News : ਪਰਿਵਾਰਾਂ ’ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ
Ferozepur News in Punjabi : ਫ਼ਿਰੋਜ਼ਪੁਰ ਸ਼ਹਿਰ ਵਿੱਚ ਸ਼ੁੱਕਰਵਾਰ ਸ਼ਾਮ ਤੋਂ ਛੇ ਵਿਅਕਤੀਆਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਦੇਵ ਸਮਾਜ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਚਾਰ ਵਿਦਿਆਰਥੀ ਵੀ ਸ਼ਾਮਲ ਹਨ। ਲਾਪਤਾ ਹੋਏ ਵਿਅਕਤੀਆਂ ਬਾਰੇ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ, ਜਿਸ ਕਾਰਨ ਪਰਿਵਾਰਾਂ ਵਿੱਚ ਚਿੰਤਾ ਦਾ ਮਾਹੌਲ ਹੈ। ਇਸ ਮਾਮਲੇ ਦੀ ਸ਼ਿਕਾਇਤ ਥਾਣਾ ਸਿਟੀ ਵਿਖੇ ਦਰਜ ਕਰਵਾ ਦਿੱਤੀ ਗਈ ਹੈ।
ਲਾਪਤਾ ਹੋਏ ਵਿਦਿਆਰਥੀਆਂ ਵਿੱਚ ਗੁਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬੇਦੀ ਕਲੋਨੀ, ਗੁਰਦਿੱਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਗੋਬਿੰਦ ਇਨਕਲੇਵ ਮਖੂ ਗੇਟ, ਲਵ ਵਾਸੀ ਪਿੰਡ ਅਲੀ ਕੇ ਅਤੇ ਵਿਸ਼ਵਦੀਪ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਇੱਛੇ ਵਾਲਾ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਇਨਵਰਟਰ ਰਿਪੇਅਰ ਦਾ ਕੰਮ ਕਰਨ ਵਾਲਾ ਵਰਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਆਰਐਸਡੀ ਕਾਲਜ ਦੇ ਪਿੱਛੇ ਲੱਗਦੀ ਗਲੀ ਅਤੇ ਇੱਕ ਹੋਰ ਨੌਜਵਾਨ ਕ੍ਰਿਸ਼ ਪੁੱਤਰ ਵਿਜੇ ਕੁਮਾਰ ਵਾਸੀ ਬਸਤੀ ਆਵਾ ਵੀ ਲਾਪਤਾ ਹਨ।
ਇਹ ਸਾਰੇ ਜਣੇ ਸ਼ੁੱਕਰਵਾਰ ਸ਼ਾਮ ਪੰਜ ਵਜੇ ਤੋਂ ਬਾਅਦ ਤੋਂ ਲਾਪਤਾ ਹਨ ਅਤੇ ਇਨ੍ਹਾਂ ਦੇ ਮੋਬਾਈਲ ਫ਼ੋਨ ਵੀ ਬੰਦ ਆ ਰਹੇ ਹਨ। ਇਨ੍ਹਾਂ ’ਚੋਂ ਲਵ ਇਥੋਂ ਦੇ ਡੋਮੀਨੋਜ਼ ਤੇ ਪੀਜ਼ਾ ਡਿਲੀਵਰੀ ਦਾ ਕੰਮ ਕਰਦਾ ਦੱਸਿਆ ਜਾਂਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਵਰਿੰਦਰ ਸਿੰਘ ਉਰਫ਼ ਤੋਤੀ ਨੂੰ 2 ਵਿਦਿਆਰਥੀਆਂ ਗੁਰਦਿੱਤ ਅਤੇ ਵਿਸ਼ਵਦੀਪ ਦੇ ਨਾਲ ਮੋਟਰਸਾਈਕਲ ’ਤੇ ਜਾਂਦੇ ਦੇਖਿਆ ਗਿਆ ਹੈ। ਵਰਿੰਦਰ ਦੇ ਪਰਿਵਾਰਕ ਮੈਂਬਰ ਰਾਤ 9 ਵਜੇ ਦੇ ਕਰੀਬ ਜਦੋਂ ਥਾਣਾ ਸਿਟੀ ਵਿਖੇ ਗੁੰਮਸ਼ੁਦਗੀ ਦੀ ਇਤਲਾਹ ਦੇਣ ਪਹੁੰਚੇ, ਤਾਂ ਉੱਥੇ ਕੁਝ ਸਮੇਂ ਬਾਅਦ ਬਾਕੀਆਂ ਦੇ ਪਰਿਵਾਰਕ ਮੈਂਬਰ ਵੀ ਰਿਪੋਰਟ ਲਿਖਾਉਣ ਆ ਗਏ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਰਾਤ ਸਾਢੇ ਬਾਰਾਂ ਵਜੇ ਤੱਕ ਥਾਣੇ ਵਿੱਚ ਮੌਜੂਦ ਰਹੇ ਪਰ ਕਿਸੇ ਦਾ ਕੋਈ ਸੁਰਾਗ ਨਹੀਂ ਲੱਗਾ। ਪਰਿਵਾਰਕ ਮੈਂਬਰਾਂ ਨੇ ਥਾਣੇ ਵਿੱਚ ਮੌਜੂਦ ਮੁਨਸ਼ੀ ਦੇ ਰੁੱਖੇ ਰਵੱਈਏ 'ਤੇ ਅਫ਼ਸੋਸ ਜ਼ਾਹਰ ਕੀਤਾ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਕੋਈ ਠੋਸ ਕਾਰਵਾਈ ਤਾਂ ਕੀ ਕਰਨੀ ਸੀ ਸਗੋਂ ਰਾਤ ਸਾਢੇ ਬਾਰਾਂ ਵਜੇ ਤੱਕ ਥਾਣਾ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਵੀ ਉੱਥੇ ਨਹੀਂ ਆਏ। ਪੁੱਛਣ 'ਤੇ ਮੁਨਸ਼ੀ ਨੇ ਦੱਸਿਆ ਕਿ ਉਹ ਗੁੰਮਸ਼ੁਦਾ ਵਿਦਿਆਰਥੀਆਂ ਦੀ ਕਾਲ ਡਿਟੇਲ ਕਢਵਾਉਣ ਵਿੱਚ ਲੱਗੇ ਹੋਏ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ, ਪਰ ਲਾਪਤਾ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਨਾ ਮਿਲਣ ਕਾਰਨ ਪਰਿਵਾਰਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
(For more news apart from Six people, including 4 students class XII, missing in Ferozepur News in Punjabi, stay tuned to Rozana Spokesman)