ਹਨੇਰੀ ਨੇ ਪੰਜਾਬ ’ਚ ਮਚਾਇਆ ਕਹਿਰ, ਤਿੰਨ ਜਣਿਆਂ ਦੀ ਮੌਤ
ਜਲੰਧਰ ’ਚ ਰਾਸ਼ਟਰੀ ਝੰਡੇ ਦਾ ਪੋਲ ਡਿੱਗਾ, ਹੇਠਾਂ ਆਏ ਪ੍ਰਵਾਸੀ ਨੌਜੁਆਨ ਦੀ ਮੌਤ
ਜਲੰਧਰ/ਲੁਧਿਆਣਾ : ਸਨਿਚਰਵਾਰ ਸ਼ਾਮ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਚੱਲੀ ਹਨੇਰੀ ਨੇ ਕਾਫ਼ੀ ਨੁਕਸਾਨ ਕੀਤਾ ਅਤੇ ਘੱਟੋ-ਘੱਟ ਤਿੰਨ ਜਣਿਆਂ ਦੀ ਜਾਨ ਲੈ ਲਈ।
ਜਲੰਧਰ 'ਚ ਤੂਫਾਨ ਦੌਰਾਨ ਨਗਰ ਨਿਗਮ ਦੇ ਬਾਹਰ ਰਾਸ਼ਟਰੀ ਝੰਡੇ ਦਾ ਪੋਲ ਡਿੱਗਣ ਨਾਲ ਇਕ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਨੇੜਲੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਮੇਸ਼ (18) ਵਾਸੀ ਬਿਹਾਰ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਹ ਪੇਂਟਰ ਦਾ ਕੰਮ ਕਰਦਾ ਸੀ। ਸ਼ਨੀਵਾਰ ਸ਼ਾਮ ਨੂੰ ਜਦੋਂ ਉਹ ਆਪਣੇ ਦੋਸਤ ਨਾਲ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਦਾ ਦੋਸਤ ਪੈਸੇ ਕਢਵਾਉਣ ਲਈ ਬੈਂਕ ਗਿਆ ਅਤੇ ਉਸ ਨੂੰ ਬਾਈਕ 'ਤੇ ਸਾਈਡ 'ਤੇ ਬਿਠਾਇਆ। ਇਸ ਦੌਰਾਨ ਜਦੋਂ ਤੇਜ਼ ਤੂਫਾਨ ਆਇਆ ਅਤੇ ਖੰਭੇ ਮੌਕੇ 'ਤੇ ਡਿੱਗ ਗਏ ਤਾਂ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਇਲਾਜ ਦੌਰਾਨ ਸਿਵਲ ਹਸਪਤਾਲ 'ਚ ਉਸ ਦੀ ਮੌਤ ਹੋ ਗਈ।
ਦੂਜੇ ਪਾਸੇ ਲੁਧਿਆਣਾ 'ਚ ਵੀ ਤੇਜ਼ ਹਵਾਵਾਂ ਕਾਰਨ ਇਕ ਫੈਕਟਰੀ ਦੀ ਕੰਧ ਡਿੱਗਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਾਮਧਨ ਅਤੇ ਨਿਰੰਜਨ ਵਜੋਂ ਹੋਈ ਹੈ, ਜੋ ਦੋਵੇਂ ਦਿਹਾੜੀਦਾਰ ਸਨ। ਸਹਾਇਕ ਪੁਲਿਸ ਕਮਿਸ਼ਨਰ ਦਵਿੰਦਰ ਚੌਧਰੀ ਨੇ ਦੱਸਿਆ ਕਿ ਦੋਵੇਂ ਵਿਅਕਤੀ ਫੈਕਟਰੀ ਦੀ ਕੰਧ ਦੇ ਨੇੜੇ ਖੜ੍ਹੇ ਸਨ ਜਦੋਂ ਇਹ ਕਰਾਬਾਰਾ ਰੋਡ 'ਤੇ ਉਨ੍ਹਾਂ 'ਤੇ ਡਿੱਗ ਗਈ। ਉਹ ਮਲਬੇ ਹੇਠ ਦੱਬੇ ਹੋਏ ਸਨ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ 'ਚੋਂ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਨੇ ਹਸਪਤਾਲ 'ਚ ਆਖਰੀ ਸਾਹ ਲਿਆ।